PM ਮੋਦੀ ਨੇ ਆਜ਼ਾਦੀ ਦਿਹਾੜੇ 'ਤੇ ਦਿੱਤਾ ਸਭ ਤੋਂ ਲੰਬਾ ਭਾਸ਼ਣ, ਤੋੜ ਦਿੱਤਾ ਆਪਣਾ ਹੀ ਰਿਕਾਰਡ

Thursday, Aug 15, 2024 - 11:48 AM (IST)

PM ਮੋਦੀ ਨੇ ਆਜ਼ਾਦੀ ਦਿਹਾੜੇ 'ਤੇ ਦਿੱਤਾ ਸਭ ਤੋਂ ਲੰਬਾ ਭਾਸ਼ਣ, ਤੋੜ ਦਿੱਤਾ ਆਪਣਾ ਹੀ ਰਿਕਾਰਡ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਲਾਲ ਕਿਲ੍ਹੇ ਤੋਂ 98 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ। ਇਹ ਇਸ ਪ੍ਰਤੀਕ ਸਮਾਰਕ ਤੋਂ ਪੀ.ਐੱਮ. ਮੋਦੀ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਸੰਬੋਧਨ ਸੀ। ਪੀ.ਐੱਮ. ਮੋਦੀ ਦੇ ਆਜ਼ਾਦੀ ਦਿਹਾੜੇ ਦੇ ਸੰਬੋਧਨ ਅੱਜ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀਆਂ ਦੇ ਮੁਕਾਬਲੇ ਲੰਬੇ ਹਨ, 2016 'ਚ ਸੁਤੰਤਰਤਾ ਦਿਵਸ ਸਮਾਰੋਹ 'ਚ ਉਨ੍ਹਾਂ ਦਾ ਸਭ ਤੋਂ ਲੰਬਾ ਸੰਬੋਧਨ 96 ਮਿੰਟ ਸੀ, ਜਦੋਂ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਸੰਬੋਧਨ 2017 'ਚ ਸੀ ਜਦੋਂ ਉਨ੍ਹਾਂ ਨੇ ਲਗਭਗ 56 ਮਿੰਟ ਤੱਕ ਭਾਸ਼ਣ ਦਿੱਤਾ ਸੀ। 78ਵੇਂ ਆਜ਼ਾਦੀ ਦਿਹਾੜੇ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ 'ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਆਪਣੇ ਤੀਜੇ ਕਾਰਜਕਾਲ ਦੇ ਆਪਣੇ ਪਹਿਲੇ ਸੰਬੋਧਨ 'ਚ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ। ਡਾ. ਮਨਮੋਹਨ ਸਿੰਘ ਨੇ 2004 ਤੋਂ 2014 ਦਰਮਿਆਨ ਲਾਲ ਕਿਲ੍ਹੇ ਤੋਂ 10 ਵਾਰ ਤਿਰੰਗਾ ਲਹਿਰਾਇਆ ਸੀ। ਇਸ ਮਾਮਲੇ 'ਚ ਮੋਦੀ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਨਹਿਰੂ ਨੂੰ ਇਹ ਸਨਮਾਨ 17 ਵਾਰ ਅਤੇ ਇੰਦਰਾ ਨੂੰ 16 ਵਾਰ ਮਿਲਿਆ।

ਪਹਿਲੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪੀ.ਐੱਮ. ਮੋਦੀ ਨੇ 2014 'ਚ ਲਾਲ ਕਿਲ੍ਹੇ ਤੋਂ 65 ਮਿੰਟ ਤੱਕ ਰਾਸ਼ਟਰ ਨੂੰ ਸੰਬੋਧਨ ਕੀਤਾ। ਸਾਲ 2015 'ਚ ਉਨ੍ਹਾਂ ਦਾ ਸੰਬੋਧਨ ਕਰੀਬ 88 ਮਿੰਟ ਦਾ ਸੀ। ਸਾਲ 2018 'ਚ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ 83 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ 2019 'ਚ ਉਨ੍ਹਾਂ ਨੇ ਲਗਭਗ 92 ਮਿੰਟ ਤਕ ਭਾਸ਼ਣ ਦਿੱਤਾ, ਜੋ ਕਿ ਉਨ੍ਹਾਂ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਲੰਬਾ ਭਾਸ਼ਣ ਸੀ। ਸਾਲ 2020 'ਚ ਪੀ.ਐੱਮ. ਮੋਦੀ ਦਾ ਆਜ਼ਾਦੀ ਦਿਹਾੜੇ ਦਾ ਸੰਬੋਧਨ 90 ਮਿੰਟ ਦਾ ਸੀ। ਸਾਲ 2021 'ਚ ਉਨ੍ਹਾਂ ਦਾ ਆਜ਼ਾਦੀ ਦਿਹਾੜਾ ਸੰਬੋਧਨ 88 ਮਿੰਟ ਲੰਬਾ ਸੀ ਅਤੇ 2022 'ਚ ਇਹ 74 ਮਿੰਟ ਦਾ ਰਿਹਾ। ਪਿਛਲੇ ਸਾਲ ਯਾਨੀ 2023 'ਚ ਪੀ.ਐੱਮ. ਮੋਦੀ ਦਾ ਸੰਬੋਧਨ 90 ਮਿੰਟ ਦਾ ਸੀ। ਪੀ.ਐੱਮ. ਮੋਦੀ ਤੋਂ ਪਹਿਲੇ 1947 'ਚ ਜਵਾਹਰ ਲਾਲ ਨਹਿਰੂ ਅਤੇ 1997 'ਚ ਇੰਦਰਾ ਕੁਮਾਰ ਗੁਜਰਾਲ ਨੇ ਸਭ ਤੋਂ ਲੰਬੇ ਭਾਸ਼ਣ ਦਿੱਤੇ ਸਨ, ਜੋ ਕ੍ਰਮਵਾਰ 72 ਮਿੰਟ ਅਤੇ 71 ਮਿੰਟ ਦਾ ਸੀ। ਨਹਿਰੂ ਅਤੇ ਇੰਦਰਾ ਨੇ 1954 ਅਤੇ 1966 'ਚ 14-14 ਮਿੰਟ ਦਾ ਸਭ ਤੋਂ ਛੋਟਾ ਸੰਬੋਧਨ ਦਿੱਤਾ ਸੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਨੇ ਵੀ ਲਾਲ ਕਿਲ੍ਹੇ ਤੋਂ ਆਜ਼ਾਦੀ ਦਿਹਾੜੇ ਦੇ ਕੁਝ ਸਭ ਤੋਂ ਛੋਟੇ ਭਾਸ਼ਣ ਦਿੱਤੇ ਸਨ। ਸਾਲ  2012 ਅਤੇ 2013 'ਚ ਸਿੰਘ ਦੇ ਸੰਬੋਧਨ ਕ੍ਰਮਵਾਰ ਸਿਰਫ਼ 32 ਅਤੇ 35 ਮਿੰਟ ਦੇ ਸਨ। 2002 ਅਤੇ 2003 'ਚ ਵਾਜਪਾਈ ਦੇ ਭਾਸ਼ਣ ਕ੍ਰਮਵਾਰ 25 ਅਤੇ 30 ਮਿੰਟ ਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News