ਕਾਂਗਰਸ ਦੇ ਹਰ ਝੂਠੇ ਵਾਅਦੇ ''ਤੇ ਭਾਰੀ ਹੈ ਮੋਦੀ ਦੀ ਗਾਰੰਟੀ : PM ਮੋਦੀ
Wednesday, Nov 22, 2023 - 01:12 PM (IST)
ਜੈਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾਧਾਰੀ ਕਾਂਗਰਸ ਵਲੋਂ ਦਿੱਤੀਆਂ ਜਾ ਰਹੀਆਂ ਗਾਰੰਟੀਆਂ 'ਤੇ ਤੰਜ਼ ਕੱਸਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਦੇ ਹਰ ਝੂਠੇ ਵਾਅਦੇ 'ਤੇ, ਮੋਦੀ ਦੀ ਗਾਰੰਟੀ ਭਾਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਤੋਂ ਉਮੀਦ ਖ਼ਤਮ ਹੁੰਦੀ ਹੈ, ਉੱਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਮੋਦੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦਾ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਰਾਜਸਥਾਨ 'ਚ ਹੁਣ ਕਦੇ ਵੀ ਅਸ਼ੋਕ ਗਹਿਲੋਤ ਦੀ ਸਰਕਾਰ ਨਹੀਂ ਬਣੇਗੀ। ਮੋਦੀ ਸਾਗਵਾੜਾ (ਡੂੰਗਰਪੁਰ) 'ਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,''ਮੋਦੀ ਦੀ ਗਾਰੰਟੀ ਕਾਂਗਰਸ ਦੇ ਹਰ ਝੂਠੇ ਵਾਅਦਿਆਂ 'ਤੇ ਭਾਰੀ ਹੈ। ਗਰੀਬ ਕਲਿਆਣ, ਜਨਕਲਿਆਣ ਨੂੰ ਲੈ ਕੇ ਜਿੱਥੇ ਕਾਂਗਰਸ ਤੋਂ ਉਮੀਦ ਖ਼ਤਮ ਹੁੰਦੀ ਹੈ, ਉੱਥੋਂ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ। ਕਾਂਗਰਸ ਨੇ ਦਹਾਕਿਆਂ ਦੇ ਆਪਣੇ ਸ਼ਾਸਨਕਾਲ 'ਚ ਜੋ ਸੋਚਿਆ ਤੱਕ ਨਹੀਂ, ਉਹ ਸਭ ਬੀਤੇ 10 ਸਾਲਾਂ 'ਚ ਤੁਹਾਡੇ ਸੇਵਕ ਨੇ ਦੇਸ਼ਵਾਸੀਆਂ ਦੇ ਚਰਨਾਂ 'ਚ ਸਮਰਪਿਤ ਕਰ ਦਿੱਤਾ।'' ਪੀ.ਐੱਮ. ਮੋਦੀ ਨੇ ਕਿਹਾ,''ਅੱਜ ਮੈਂ ਮਾਵਜੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਇਕ ਭਵਿੱਖਵਾਣੀ ਕਰਨ ਦੀ ਹਿੰਮਤ ਕਰ ਰਿਹਾ ਹਾਂ। ਇਸ ਪਵਿੱਤਰ ਧਰਤੀ ਦੀ ਤਾਕਤ ਹੈ ਕਿ ਮੇਰੇ ਮਨ 'ਚ ਇਹ ਵਿਚਾਰ ਆਇਆ ਹੈ ਅਤੇ ਮੈਂ ਮਾਵਜੀ ਮਹਾਰਾਜ ਤੋਂ ਮੁਆਫ਼ੀ ਮੰਗ ਕੇ ਇਹ ਬੋਲਣ ਦੀ ਹਿੰਮਤ ਕਰ ਰਿਹਾ ਹਾਂ, ਪੂਰੇ ਰਾਜਸਥਆਨ ਦੇ ਲੋਕ ਲਿਖ ਕੇ ਰੱਖ ਲੈਣ, ਇਸ ਵਾਰ ਤਾਂ ਨਹੀਂ, ਹੁਣ ਰਾਜਸਥਾਨ 'ਚ ਕਦੇ ਵੀ ਅਸ਼ੋਕ ਗਹਿਲੋਤ ਦੀ ਸਰਕਾਰ ਨਹੀਂ ਬਣੇਗੀ। ਕਦੇ ਵੀ ਨਹੀਂ। ਇਹ ਮਾਵਜੀ ਮਹਾਰਾਜ ਦੀ ਧਰਤੀ ਤੋਂ ਬੋਲੇ ਗਏ ਸ਼ਬਦ ਹਨ।''
ਇਹ ਵੀ ਪੜ੍ਹੋ : 2 ਸਿੱਖ ਉਮੀਦਵਾਰਾਂ ਨੂੰ ਜੱਜ ਨਾ ਬਣਾਉਣ ’ਤੇ ਨਾਰਾਜ਼ ਸੁਪਰੀਮ ਕੋਰਟ, ਕੇਂਦਰ ਸਰਕਾਰ ਨੂੰ ਪਾਈ ਝਾੜ
ਮੋਦੀ ਨੇ ਕਿਹਾ,''ਕਾਂਗਰਸ ਦਾ ਸਫ਼ਾਇਆ ਕਰੋ, ਰਾਜਸਥਾਨ ਨੂੰ ਦੰਗਿਆਂ, ਅਪਰਾਧਾਂ, ਭੈਣਾ-ਧੀਆਂ 'ਤੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰੋ। ਰਾਜਸਥਾਨ ਤੋਂ ਕਾਂਗਰਸ ਸਰਕਾਰ ਦੀ ਵਿਦਾਈ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਇੱਥੇ ਕੇਂਦਰ ਸਰਕਾਰ ਦੀ ਹਰ ਯੋਜਨਾ ਤੇਜ਼ੀ ਨਾਲ ਲਾਗੂ ਹੋਵੇ।'' ਮੋਦੀ ਨੇ ਕਿਹਾ,''ਕਾਂਗਰਸ ਸਰਕਾਰ ਨੇ ਰਾਜਸਥਾਨ 'ਚ ਹਰ ਸਰਕਾਰੀ ਭਰਤੀ 'ਚ ਘਪਲਾ ਕੀਤਾ ਹੈ। ਕਾਗਰਸ ਦੇ ਪਾਲੇ ਹੋਏ ਪੇਪਰ ਲੀਕ ਮਾਫ਼ੀਆ ਨੇ ਰਾਜਸਥਾਨ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ।'' ਰਾਜ 'ਚ ਵਿਧਾਨ ਸਭਾ ਚੋਣਾਂ ਲਈ 25 ਨਵੰਬਰ ਨੂੰ ਵੋਟਿੰਗ ਹੋਣੀ ਹੈ, ਜਦੋਂ ਕਿ ਵੋਟਾਂ ਦੀ ਗਿਣਤੀ ਤਿੰਨ ਦਸੰਬਰ ਨੂੰ ਹੋਵੇਗੀ। ਪ੍ਰਦੇਸ਼ 'ਚ ਸੱਤਾਧਾਰੀ ਕਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ 7 ਗਾਰੰਟੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ 'ਚ ਪਰਿਵਾਰ ਦੀ ਮਹਿਲਾ ਮੁਖੀਆ ਨੂੰ 10 ਹਜ਼ਾਰ ਰੁਪਏ ਦਾ ਸਾਲਾਨਾ ਸਨਮਾਨ, 1.05 ਕਰੋੜ ਪਰਿਵਾਰਾਂ ਲਈ 500 ਰੁਪਏ 'ਚ ਰਸੋਈ ਗੈਸ ਸਿਲੰਡਰ, ਪਸ਼ੂ ਪਾਲਕਾਂ ਤੋਂ 2 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਗੋਬਰ ਦੀ ਖਰੀਬ, ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਯੋਜਨਾ (ਓ.ਪੀ.ਐੱਸ.) ਦਾ ਕਾਨੂੰਨ ਲਿਆਉਣਾ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8