ਵਿਧਾਨ ਸਭਾ 'ਚ ਗੁਟਕਾ ਖਾ MLA ਨੇ ਥੁੱਕਿਆ? ਸਪੀਕਰ ਨੇ CCTV 'ਚ ਵੇਖ ਲਿਆ ਸਭ ਕੁਝ

Tuesday, Mar 04, 2025 - 02:10 PM (IST)

ਵਿਧਾਨ ਸਭਾ 'ਚ ਗੁਟਕਾ ਖਾ MLA ਨੇ ਥੁੱਕਿਆ? ਸਪੀਕਰ ਨੇ CCTV 'ਚ ਵੇਖ ਲਿਆ ਸਭ ਕੁਝ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਦੇ 9ਵੇਂ ਦਿਨ ਮੰਗਲਵਾਰ ਨੂੰ ਸੈਸ਼ਨ ਸ਼ੁਰੂ ਹੋਇਆ। ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਕੁਰਸੀ 'ਤੇ ਬੈਠ ਕੇ ਵਿਧਾਨ ਸਭਾ ਦੀ ਇਕ ਘਟਨਾ ਸੁਣਾਈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸੇ ਵਿਧਾਇਕ ਨੇ ਸਦਨ ਵਿੱਚ ਹੀ ਮਸਾਲਾ (ਗੁਟਕਾ) ਥੁੱਕਿਆ ਹੈ। ਵਿਧਾਨ ਸਭਾ ਸਪੀਕਰ ਨੇ ਇਸ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਦਾ ਨਾਂ ਨਹੀਂ ਦੱਸਿਆ ਹੈ।

ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਅੱਜ ਸਵੇਰੇ ਮੈਨੂੰ ਸੂਚਨਾ ਮਿਲੀ ਕਿ ਸਾਡੇ ਇੱਕ ਮਾਣਯੋਗ ਮੈਂਬਰ ਨੇ ਵਿਧਾਨ ਸਭਾ ਹਾਲ ਵਿੱਚ ਪਾਨ ਮਸਾਲਾ ਖਾ ਕੇ ਇਥੇ ਹੀ ਆਪਣੀਆਂ ਸੇਵਾਵਾਂ ਦੇ ਦਿੱਤੀਆਂ (ਭਾਵ ਇਥੇ ਹੀ ਥੁੱਕ ਦਿੱਤਾ), ਮੈਂ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਉਹ ਆਪਣੇ ਕਿਸੇ ਸਾਥੀ ਨੂੰ ਅਜਿਹਾ ਕਰਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਜਾਵੇ। ਇਹ ਸਾਡੇ ਸਾਰਿਆਂ ਦੀ ਵਿਧਾਨ ਸਭਾ ਹੈ, ਸਿਰਫ਼ ਸਪੀਕਰ ਦੀ ਨਹੀਂ। ਇਸ ਨੂੰ ਸਾਫ਼-ਸੁਥਰਾ ਰੱਖਣਾ ਸਾਰੇ ਮੈਂਬਰਾਂ ਦੀ ਜ਼ਿੰਮੇਵਾਰੀ ਹੈ।

ਵਿਧਾਇਕਾਂ ਨੂੰ ਸਲਾਹ ਦਿੰਦੇ ਹੋਏ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਕਿਹਾ ਕਿ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਜੇ ਉਹ ਖੁਦ ਅੱਗੇ ਆ ਕੇ ਆਪਣੀ ਗਲਤੀ ਮੰਨ ਲਵੇ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਉਸ ਨੂੰ ਬੁਲਾਉਣਾ ਪਵੇਗਾ। ਵਿਧਾਨ ਸਭਾ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ।

5 ਮਾਰਚ ਤੱਕ ਚੱਲੇਗਾ ਸਦਨ 

ਵਿਧਾਨ ਸਭਾ ਦਾ ਬਜਟ ਸੈਸ਼ਨ 5 ਮਾਰਚ ਤੱਕ ਚੱਲੇਗਾ। ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੋਵੇਂ ਹੀ 5 ਮਾਰਚ ਤੱਕ ਚੱਲਣਗੇ। ਸੈਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਪਾਨ ਮਸਾਲਾ ਥੁੱਕਣ ਵਾਲੇ ਵਿਧਾਇਕ ਅੱਗੇ ਆਉਣਗੇ? ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਸਪਾ ਮੈਂਬਰਾਂ ਨੇ ਬਜਟ 'ਤੇ ਚਰਚਾ ਨਾ ਹੋਣ ਦੇ ਵਿਰੋਧ 'ਚ ਸਦਨ 'ਚ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਸੀ।


author

DILSHER

Content Editor

Related News