ਕ੍ਰਾਸ ਵੋਟਿੰਗ ਕਾਰਨ ਕਾਂਗਰਸ ਨੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਕੀਤਾ ਮੁਅੱਤਲ

Saturday, Jun 11, 2022 - 04:03 PM (IST)

ਕ੍ਰਾਸ ਵੋਟਿੰਗ ਕਾਰਨ ਕਾਂਗਰਸ ਨੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਕੀਤਾ ਮੁਅੱਤਲ

ਹਰਿਆਣਾ (ਵਾਰਤਾ)- ਹਰਿਆਣਾ ਕਾਂਗਰਸ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਰਾਜ ਸਭਾ ਦੀਆਂ 2 ਸੀਟਾਂ ਲਈ ਸ਼ੁੱਕਰਵਾਰ ਨੂੰ ਹੋਈ ਵੋਟਿੰਗ 'ਚ ਕ੍ਰਾਸ ਵੋਟਿੰਗ ਦੇ ਮਾਮਲੇ 'ਚ ਕਾਂਗਰਸ ਹਾਈ ਕਮਾਨ ਨੇ ਕਾਰਵਾਈ ਕਰਦੋ ਹੋਏ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਦੱਸਣਯੋਗ ਹੈ ਕਿ ਕੱਲ ਯਾਨੀ ਸ਼ੁੱਕਰਵਾਰ ਨੂੰ ਚੋਣਾਂ 'ਚ ਭਾਜਪਾ ਤੋਂ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ (ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ) ਨੇ ਜਿੱਤ ਹਾਸਲ ਕੀਤੀ। ਕਾਂਗਰਸ ਉਮੀਦਵਾਰ ਅਜੇ ਮਾਕਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸੂਤਰਾਂ ਅਨੁਸਾਰ ਬਿਸ਼ਨੋਈ ਦੀ ਨਾਰਾਜ਼ਗੀ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਵਲੋਂ ਮਾਕਨ ਨੂੰ ਵੋਟ ਕਰਨ ਦੀ ਘੱਟ ਸੰਭਾਵਨਾ ਹੈ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਵੀ ਮਾਕਨ ਨੂੰ ਵੋਟ ਦੇਣ ਲਈ ਬਿਸ਼ਨੋਈ ਨਾਲ ਗੱਲ ਕੀਤੀ ਸੀ।

ਇਹ ਵੀ ਪੜ੍ਹੋ : ਹਰਿਆਣਾ ਰਾਜ ਸਭਾ ਚੋਣਾਂ: ਰੀਕਾਊਂਟਿੰਗ 'ਚ ਕਾਰਤੀਕੇਯ ਸ਼ਰਮਾ ਤੇ BJP ਦੇ ਕ੍ਰਿਸ਼ਨ ਪੰਵਾਰ ਜਿੱਤੇ

ਦੱਸਿਆ ਜਾ ਰਿਹਾ ਹੈ ਕਿ ਬਿਸ਼ਨੋਈ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਲਈ ਆਸਵਾਨ ਸਨ ਪਰ ਸਾਬਕਾ ਮੁੱਖ ਮੰਤਰੀ ਭੂਪਿੰਦਰ ਹੁੱਡਾ ਕਾਰਨ ਉਦੇਭਾਨ ਨੂੰ ਪ੍ਰਦੇਸ਼ ਪ੍ਰਧਾਨ ਬਣਾਏ ਜਾਣ ਤੋਂ ਨਾਰਾਜ਼ ਸਨ। ਉਹ ਇਸ ਬਾਰੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮਿਲ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਉਸ ਤੋਂ ਉਹ ਨਾਰਾਜ਼ ਹੋ ਗਏ ਅਤੇ ਕਾਂਗਰਸ ਖ਼ਿਲਾਫ਼ ਵੋਟ ਦੇ ਕੇ ਆਪਣੀ ਭੜਾਸ ਕੱਢੀ। ਇਸ ਕਾਰਨ ਉਨ੍ਹਾਂ ਨੂੰ ਵਰਕਿੰਗ ਕਮੇਟੀ ਦੀ ਮੈਂਬਰਤਾ ਤੋਂ ਵੀ ਹੱਥ ਧੋਣਾ ਪਿਆ। ਬਿਸ਼ਨੋਈ ਪਹਿਲੇ ਹੀ ਕਹਿ ਚੁਕੇ ਸਨ ਕਿ ਉਹ ਚੋਣਾਂ 'ਚ ਅੰਤਰ ਆਤਮਾ ਦੀ ਆਵਾਜ਼ 'ਤੇ ਵੋਟ ਕਰਨਗੇ। ਇਸ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸ਼੍ਰੀ ਬਿਸ਼ਨੋਈ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ 'ਤੇ ਵੋਟ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਬਿਸ਼ਨੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਦੱਸਣਯੋਗ ਹੈ ਕਿ 90 ਮੈਂਬਰੀ ਹਰਿਆਣਾ ਵਿਧਾਨ ਸਭਾ 'ਚ ਭਾਜਪਾ ਦੇ 40, ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ 10, ਕਾਂਗਰਸ ਦੇ 31 ਅਤੇ ਹੋਰ ਆਜ਼ਾਦ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

DIsha

Content Editor

Related News