ਵੈੱਬਸਾਈਟ ਤੋਂ ਗਾਇਬ ਹੋਈ ਆਸਾਮ ਦੀ NRC ਲਿਸਟ, ਗ੍ਰਹਿ ਮੰਤਰਾਲੇ ਨੇ ਦਿੱਤੀ ਸਫ਼ਾਈ

02/12/2020 12:30:57 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਆਸਾਮ 'ਚ ਐੱਨ.ਆਰ.ਸੀ. ਦਾ ਡਾਟਾ ਸੁਰੱਖਿਅਤ ਹੈ, ਹਾਲਾਂਕਿ ਕੁਝ ਤਕਨੀਕੀ ਖਰਾਬੀ ਦੇਖੀ ਗਈ ਅਤੇ ਜਿਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਦਾ ਇਹ ਸਪੱਸ਼ਟੀਕਰਨ ਉਨ੍ਹਾਂ ਖਬਰਾਂ ਦੇ ਮੱਦੇਨਜ਼ਰ ਆਇਆ ਹੈ ਕਿ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਦੀ ਅੰਤਿਮ ਸੂਚੀ ਦਾ ਡਾਟਾ ਉਸ ਦੀ ਅਧਿਕਾਰਤ ਵੈੱਬਸਾਈਟ ਤੋਂ ਆਫਲਾਈਨ ਹੋ ਗਿਆ ਹੈ। 

ਐੱਨ.ਆਰ.ਸੀ. ਡਾਟਾ ਸੁਰੱਖਿਅਤ ਹੈ
ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ,''ਐੱਨ.ਆਰ.ਸੀ. ਡਾਟਾ ਸੁਰੱਖਿਅਤ ਹੈ। ਕਲਾਊਡ 'ਤੇ ਕੁਝ ਤਕਨੀਕੀ ਖਰਾਬੀ ਦੇਖੀ ਗਈ। ਜਿਸ ਨੂੰ ਜਲਦ ਹੀ ਹੱਲ ਕੀਤਾ ਜਾ ਰਿਹਾ ਹੈ।'' ਕੁਝ ਦਿਨਾਂ ਲਈ ਡਾਟਾ ਉਪਲਬੱਧ ਨਹੀਂ ਸੀ ਅਤੇ ਇਸ ਨਾਲ ਜਨਤਾ ਖਾਸ ਤੌਰ 'ਤੇ ਉਨ੍ਹਾਂ ਲੋਕਾਂ 'ਚ ਡਰ ਪੈਦਾ ਹੋ ਗਿਆ, ਜਿਨ੍ਹਾਂ ਨੂੰ ਸੂਚੀ 'ਚੋਂ ਬਾਹਰ ਰੱਖਿਆ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਸੂਚੀ ਤੋਂ ਬਾਹਰ ਕੀਤੇ ਜਾਣ ਦਾ ਪ੍ਰਮਾਣ ਪੱਤਰ ਹਾਲੇ ਜਾਰੀ ਨਹੀਂ ਕੀਤਾ ਗਿਆ ਹੈ। ਐੱਨ.ਆਰ.ਸੀ. ਦੇ ਰਾਜ ਕਨਵੀਨਰ ਹਿਤੇਸ਼ ਦੇਵ ਸ਼ਰਮਾ ਨੇ ਮੰਨਿਆ ਕਿ ਡਾਟਾ ਆਫਲਾਈਨ ਹੋ ਗਿਆ ਹੈ ਪਰ ਉਨ੍ਹਾਂ ਨੇ ਇਸ ਦੇ ਪਿੱਛੇ ਕਿਸੇ ਤਰ੍ਹਾਂ ਦੇ ਦੋਸ਼ ਨੂੰ ਖਾਰਜ ਕੀਤਾ।

ਇਹ ਸੀ ਕਾਰਨ ਵੈੱਬਸਾਈਟ ਆਫਲਾਈਨ ਹੋਣ ਦਾ
ਵੱਡੇ ਪੈਮਾਨੇ 'ਤੇ ਡਾਟਾ ਲਈ ਕਲਾਊਡ ਸੇਵਾ ਆਈ.ਟੀ. ਕੰਪਨੀ ਵਿਪਰੋ ਨੇ ਮੁਹੱਈਆ ਕਰਵਾਈ ਸੀ ਅਤੇ ਉਨ੍ਹਾਂ ਦਾ ਇਕਰਾਰਨਾਮਾ ਪਿਛਲੇ ਸਾਲ 19 ਅਕਤੂਬਰ ਤੱਕ ਦਾ ਸੀ। ਫਿਲਹਾਲ ਸਾਬਕਾ ਕਨਵੀਨਰ ਨੇ ਇਸ ਇਕਰਾਰਨਾਮੇ ਦਾ ਨਵੀਨੀਕਰਨ ਨਹੀਂ ਕੀਤਾ। ਸ਼ਰਮਾ ਨੇ ਦੱਸਿਆ ਕਿ ਇਸ ਲਈ ਵਿਪਰੋ ਵਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ 15 ਦਸੰਬਰ ਤੋਂ ਡਾਟਾ ਆਫਲਾਈਨ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਰਾਜ ਕਨਵੀਨਰ ਕਮੇਟੀ ਨੇ 30 ਜਨਵਰੀ ਨੂੰ ਆਪਣੀ ਬੈਠਕ 'ਚ ਜ਼ਰੂਰੀ ਰਸਮਾਂ ਪੂਰੀਆਂ ਕਰਨ ਦਾ ਫੈਸਲਾ ਕੀਤਾ ਅਤੇ ਫਰਵਰੀ ਦੇ ਪਹਿਲੇ ਹਫਤੇ ਦੌਰਾਨ ਵਿਪਰੋ ਨੂੰ ਪੱਤਰ ਲਿਖਿਆ। ਸ਼ਰਮਾ ਨੇ ਕਿਹਾ,''ਇਕ ਵਾਰ ਜਦੋਂ ਵਿਪਰੋ ਡਾਟਾ ਨੂੰ ਆਨਲਾਈਨ ਕਰ ਦੇਵੇਗੀ ਤਾਂ ਇਹ ਜਨਤਾ ਲਈ ਉਪਲੱਬਧ ਹੋਵੇਗਾ। ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਅਗਲੇ 2-3 ਦਿਨਾਂ 'ਚ ਡਾਟਾ ਉਪਲੱਬਧ ਹੋ ਜਾਵੇਗਾ।'' ਐੱਨ.ਆਰ.ਸੀ. ਦੀ ਅੰਤਿਮ ਸੂਚੀ 31 ਅਗਸਤ 2019 ਨੂੰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਸਲੀ ਭਾਰਤੀ ਨਾਗਰਿਕਾਂ ਨੂੰ ਸ਼ਾਮਲ ਕੀਤੇ ਜਾਣ ਅਤੇ ਬਾਹਰ ਕੀਤੇ ਗਏ ਲੋਕਾਂ ਦੀ ਪੂਰੀ ਜਾਣਕਾਰੀ ਉਸ ਦੀ ਅਧਿਕਾਰਤ ਵੈੱਬਸਾਈਟ http://www.nrcassam.nic.in 'ਤੇ ਅਪਲੋਡ ਕੀਤੀ ਗਈ।


DIsha

Content Editor

Related News