ਮਾਤਾ ਸ਼੍ਰੀ ਚਿੰਤਪੁਰਨੀ ਮਹਾ ਉਤਸਵ ਨੂੰ ਰਾਜ ਪੱਧਰੀ ਦਰਜਾ, ਉੱਪ ਮੁੱਖ ਮੰਤਰੀ ਨੇ ਕੀਤਾ ਐਲਾਨ

Friday, Sep 27, 2024 - 03:41 PM (IST)

ਊਨਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਮਾਤਾ ਸ਼੍ਰੀ ਚਿੰਤਪੁਰਨੀ ਮਹਾ ਉਤਸਵ ਨੂੰ ਰਾਜ ਪੱਧਰੀ ਦਰਜਾ ਦਿੱਤਾ ਜਾਵੇਗਾ। ਅਗਨੀਹੋਤਰੀ ਨੇ ਇਹ ਐਲਾਨ ਮਾਤਾ ਸ਼੍ਰੀ ਚਿੰਤਪੁਰਨੀ ਮਹਾ ਉਤਸਵ ਦੀ ਪਹਿਲੀ ਸੱਭਿਆਚਾਰਕ ਸ਼ਾਮ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਥੇ ਜਾਰੀ ਇਕ ਬਿਆਨ ਵਿਚ ਦਿੱਤੀ ਗਈ। ਕਾਂਗਰਸੀ ਆਗੂ ਨੇ ਕਿਹਾ ਕਿ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਮੰਦਰ ਦਾ ਖਜ਼ਾਨਾ ਪੈਸਿਆਂ ਨਾਲ ਭਰਿਆ ਪਿਆ ਹੈ ਪਰ ਪ੍ਰਸ਼ਾਸਨ ਨੇ ਸੱਭਿਆਚਾਰਕ ਸਮਾਗਮਾਂ ਦੌਰਾਨ ਮੰਦਰ ਦਾ ਇਕ ਵੀ ਪੈਸਾ ਖਰਚ ਨਾ ਕਰ ਕੇ ਚੰਗੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਅਗਲੇ ਸਾਲ ਤੋਂ ਮਹਾਉਤਸਵ ਦੀ ਇਕ ਰਾਤ ਪੂਰੀ ਤਰ੍ਹਾਂ ਸਥਾਨਕ ਕਲਾਕਾਰਾਂ ਦੇ ਨਾਂ ਕੀਤੀ ਜਾਵੇ, ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਹੁਣ ਤੋਂ ਮਹਾ ਉਤਸਵ 'ਚ ਕਲਾਕਾਰਾਂ ਨੂੰ ਮਿਲਣ ਵਾਲੇ ਕੁੱਲ ਭੁਗਤਾਨ ਦਾ 50 ਫ਼ੀਸਦੀ ਹਿਮਾਚਲੀ ਕਲਾਕਾਰਾਂ ਨੂੰ ਮਿਲੇ।

ਅਗਨੀਹੋਤਰੀ ਨੇ ਕਿਹਾ ਕਿ 250 ਕਰੋੜ ਰੁਪਏ ਦੀ ਲਾਗਤ ਨਾਲ ਮਾਤਾ ਸ਼੍ਰੀ ਚਿੰਤਪੁਰਨੀ ਦਾ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ ਅਤੇ ਇਹ ਰਾਸ਼ੀ ਤਿੰਨ ਕਿਸ਼ਤਾਂ 'ਚ ਖਰਚ ਕੀਤੀ ਜਾਵੇਗੀ। ਪਹਿਲੀ ਕਿਸ਼ਤ 'ਚ 70 ਕਰੋੜ, ਦੂਜੀ ਕਿਸ਼ਤ 'ਚ 80 ਕਰੋੜ ਅਤੇ ਤੀਜੀ ਕਿਸ਼ਤ 'ਚ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਅੰਬ 'ਚ ਲੋਕਾਂ ਦੀ ਸਹੂਲਤ ਲਈ ਨਵਾਂ ਬੱਸ ਅੱਡਾ ਅਤੇ ਜਲ ਸ਼ਕਤੀ ਵਿਭਾਗ ਦਾ ਰੈਸਟ ਹਾਊਸ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ। ਇਸ ਦੇ ਅਧੀਨ, ਚਿੰਤਪੁਰਨੀ ਵਿਧਾਨ ਸਭਾ ਖੇਤਰ 'ਚ ਜਲ ਸ਼ਕਤੀ ਵਿਭਾਗ ਦੇ ਪ੍ਰਾਜੈਕਟਾਂ ਨੂੰ ਮੂਰਤ ਰੂਪ ਦੇਣ ਲਈ ਚਾਰ ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ। ਅਗਨੀਹੋਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ 2 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੱਲ੍ਹ ਹੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਦੂਜੀ ਕਿਸ਼ਤ ਕੁਝ ਦਿਨਾਂ ਬਾਅਦ ਜਾਰੀ ਕੀਤੀ ਜਾਵੇਗੀ। ਉੱਪ ਮੁੱਖ ਮੰਤਰੀ ਨੇ ਅੰਬ ਦੇ ਸਟਾਰ ਪੈਰਾ ਐਥਲੀਟ ਨਿਸ਼ਾਦ ਕੁਮਾਰ ਨੂੰ ਵੀ ਸਨਮਾਨਤ ਕੀਤਾ ਅਤੇ ਲਗਾਤਾਰ 2 ਪੈਰਾਲੰਪਿਕ 'ਚ ਚਾਂਦੀ ਦੇ ਤਮਗੇ ਜਿੱਤਣ ਦੀ ਬੇਜੋੜ ਉਪਲੱਬਧੀ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਨਿਸ਼ਾਦ ਨੇ ਨਾ ਸਿਰਫ਼ ਦੇਸ਼ ਅਤੇ ਪ੍ਰਦੇਸ਼ ਦਾ ਮਾਣ ਵਧਾਇਆ ਹੈ ਸਗੋਂ ਉਨ੍ਹਾਂ ਦੀ ਉਪਲੱਬਧੀ ਇਹ ਸਾਬਿਤ ਕਰਦੀ ਹੈ ਕਿ ਮਜ਼ਬੂਤ ਹੌਂਸਲੇ ਦੇ ਅੱਗੇ ਕੋਈ ਰੁਕਾਵਟ ਟਿਕ ਨਹੀਂ ਸਕਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News