ਮੁਰਾਦਾਬਾਦ ’ਚ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, 2 ਕਿਲੋਮੀਟਰ ਦੂਰ ਤੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ

Monday, Sep 14, 2026 - 07:46 PM (IST)

ਮੁਰਾਦਾਬਾਦ ’ਚ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, 2 ਕਿਲੋਮੀਟਰ ਦੂਰ ਤੋਂ ਦਿਖਾਈ ਦਿੱਤਾ ਧੂੰਏਂ ਦਾ ਗੁਬਾਰ

ਮੁਰਾਦਾਬਾਦ, (ਇੰਟ.)-ਮੁਰਾਦਾਬਾਦ ਵਿਚ ਸੋਮਵਾਰ ਨੂੰ ਕਟਘਰ ਖੇਤਰ ਦੇ ਰਾਮਪੁਰ ਦੋਰਾਹਾ ਸਥਿਤ ਆਰ. ਐੱਚ. ਇੰਟਰਨੈਸ਼ਨਲ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਲਾਟਾਂ ਲੱਗਭਗ 20 ਫੁੱਟ ਉੱਚੀਆਂ ਉੱਠ ਰਹੀਆਂ ਸਨ ਅਤੇ ਲੱਗਭਗ 2 ਕਿਲੋਮੀਟਰ ਦੂਰ ਤੱਕ ਧੂੰਏਂ ਦਾ ਗੁਬਾਰ ਦਿਖਾਈ ਦੇ ਰਿਹਾ ਸੀ। ਧੂੰਏਂ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਘੁੱਟਣ ਦਾ ਸਾਹਮਣਾ ਕਰਨਾ ਪਿਆ। ਬਰਾਮਦਕਾਰ ਮੁਹੰਮਦ ਤਸਲੀਮ ਦੀ ਇਸ ਫ਼ੈਕਟਰੀ ਵਿਚ ਹੈਂਡੀਕ੍ਰਾਫ਼ਟ ਦਾ ਸਾਮਾਨ ਬਣਾਇਆ ਜਾਂਦਾ ਹੈ। ਸਵੇਰੇ ਲੱਗਭਗ 11 ਵਜੇ ਅਚਾਨਕ ਫ਼ੈਕਟਰੀ ਵਿਚ ਅੱਗ ਲੱਗ ਗਈ।

ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਫ਼ੈਕਟਰੀ ਧੂ-ਧੂ ਕਰ ਕੇ ਸੜਨ ਲੱਗੀ। ਹੈਂਡੀਕ੍ਰਾਫ਼ਟ ਦਾ ਸਾਮਾਨ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਚਲੀ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਮੁੱਖ ਅੱਗ ਬੁਝਾਊ ਅਫ਼ਸਰ (ਸੀ. ਐੱਫ. ਓ.) ਰਾਜੀਵ ਪਾਂਡੇ ਨੇ ਦੱਸਿਆ ਕਿ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਜੁਟੀਆਂ ਰਹੀਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


author

Shubam Kumar

Content Editor

Related News