ਮਮਤਾ ਸਰਕਾਰ ਨੇ ਪੱਛਮੀ ਬੰਗਾਲ ਨੂੰ ‘ਮਿੰਨੀ ਪਾਕਿਸਤਾਨ’ ’ਚ ਬਦਲਿਆ : ਸਾਹਾ
Sunday, Jun 25, 2023 - 06:08 PM (IST)
ਅਗਰਤਲਾ, (ਯੂ. ਐੱਨ. ਆਈ.)- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਬੰਗਾਲ ਨੂੰ ‘ਮਿੰਨੀ ਪਾਕਿਸਤਾਨ’ ’ਚ ਬਦਲਣ ਦਾ ਦੋਸ਼ ਲਗਾਇਆ ਹੈ। ਡਾ. ਸਾਹਾ ਨੇ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ’ਤੇ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ’ਚ ਮਮਤਾ ਦੀ ਆਲੋਚਨਾ ਕਰਦੇ ਹੋਏ ਪੱਛਮੀ ਬੰਗਾਲ ਦੀ ਚਿੰਤਾਜਨਕ ਸਥਿਤੀ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇੱਥੋਂ ਦੇ ਲੋਕ ਉਸ ਮਕਸਦ ਨੂੰ ਭੁੱਲ ਗਏ ਹਨ, ਜਿਸ ਲਈ ਬੰਗਾਲ ਬਣਾਇਆ ਗਿਆ ਸੀ। ਸੂਬਾ ਸਰਕਾਰ ਦੇ ਸਰਪ੍ਰਸਤੀ ਅਤੇ ਸਮਰਥਨ ਕਾਰਨ ਪੱਛਮੀ ਬੰਗਾਲ ਨੂੰ ਸਰਹੱਦ ਪਾਰੋਂ ਗੰਭੀਰ ਘੁਸਪੈਠ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ, ‘‘ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਛਮੀ ਬੰਗਾਲ ’ਚ ਹਰ ਤਰ੍ਹਾਂ ਦੀ ਪ੍ਰਸ਼ਾਸਨਿਕ ਮਦਦ ਮਿਲ ਰਹੀ ਹੈ ਅਤੇ ਦਸਤਾਵੇਜ਼ਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਅਤੇ ਉਹ ਹੌਲੀ-ਹੌਲੀ ਭਾਰਤੀ ਨਾਗਰਿਕ ਬਣ ਰਹੇ ਹਨ, ਜੋ ਪੱਛਮੀ ਬੰਗਾਲ ਲਈ ਸਭ ਤੋਂ ਵੱਡਾ ਖ਼ਤਰਾ ਜਾਪਦਾ ਹੈ। ਮੂਲਵਾਸੀ ਹੌਲੀ-ਹੌਲੀ ਹਾਸ਼ੀਏ ’ਤੇ ਜਾ ਰਹੇ ਹਨ ਅਤੇ ਅਰਾਜਕਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਡਾ. ਸਾਹਾ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੌਜੂਦਾ ਸਥਿਤੀ ਨੂੰ ਦੇਖਣਾ ਬਹੁਤ ਮੰਦਭਾਗਾ ਹੈ। ਅਜਿਹਾ ਲੱਗਦਾ ਹੈ ਕਿ ਸੱਤਾ ’ਚ ਬੈਠੇ ਲੋਕ ਇਹ ਭੁੱਲ ਗਏ ਹਨ ਕਿ ਪੱਛਮੀ ਬੰਗਾਲ ਕਿਉਂ ਹੋਂਦ ’ਚ ਆਇਆ ਅਤੇ ਨਤੀਜੇ ਵਜੋਂ ਉਨ੍ਹਾਂ ਨੇ ਇਸ ਨੂੰ ਪਾਕਿਸਤਾਨ ’ਚ ਬਦਲ ਦਿੱਤਾ ਹੈ।
