ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 20 ਸਾਲ ਦੀ ਜੇਲ
Thursday, Jan 23, 2025 - 08:59 PM (IST)
ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੀ ਇਕ ਅਦਾਲਤ ਨੇ 2020 ਵਿਚ ਆਪਣੀ ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਚੰਦਰ ਜੀਤ ਯਾਦਵ ਨੇ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਇਕ ਘਿਨਾਉਣਾ ਅਪਰਾਧ ਹੈ।
ਅਦਾਲਤ ਨੇ ਪਿਛਲੇ ਸਾਲ ਦਸੰਬਰ ਵਿਚ ਪਾਇਆ ਕਿ ਦੋਸ਼ੀ ਦਾ ਡੀ. ਐੱਨ. ਏ. ਪੀੜਤਾ ਦੇ ਭਰੂਣ ਨਾਲ ਮੇਲ ਖਾਂਦਾ ਹੈ। ਅਦਾਲਤ ਨੇ ਕਿਹਾ ਕਿ ਪੀੜਤਾ ਨੇ ਸ਼ੁਰੂ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਪਰ ‘ਆਪਣੇ ਭਰਾ ਨੂੰ ਬਚਾਉਣ’ ਲਈ ਆਪਣਾ ਬਿਆਨ ਵਾਪਸ ਲੈ ਲਿਆ ਸੀ। ਅਦਾਲਤ ਨੇ ਫੈਸਲੇ ਵਿਚ ਕਿਹਾ ਕਿ ਜਬਰ-ਜ਼ਨਾਹ ਦੇ ਸਮੇਂ ਪੀੜਤਾ ਦੀ ਉਮਰ ਲੱਗਭਗ 15 ਸਾਲ ਸੀ ਅਤੇ ਦੋਸ਼ੀ ਦੇ ਕਾਰੇ ਕਾਰਨ ਪੀੜਤਾ ਗਰਭਵਤੀ ਹੋ ਗਈ ਅਤੇ ਉਸ ਨੂੰ ਬਹੁਤ ਜ਼ਿਆਦਾ ਭਾਵਨਾਤਮਕ ਅਤੇ ਸਰੀਰਕ ਸਦਮਾ ਸਹਿਣਾ ਪਿਆ। ਪੀੜਤਾ ਨੂੰ ਮੁਆਵਜ਼ੇ ਵਜੋਂ 13.5 ਲੱਖ ਰੁਪਏ ਦਿੱਤੇ ਗਏ ਹਨ।