ਬਜ਼ੁਰਗ ਨੂੰ ਆਇਆ 80 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ, ਵੇਖ ਕੇ ਵਧਿਆ ਬਲੱਡ ਪ੍ਰੈੱਸ਼ਰ
Wednesday, Feb 24, 2021 - 12:49 PM (IST)
ਮੁੰਬਈ— ਮਹਾਰਾਸ਼ਟਰ ਦੇ ਨਾਲਾਸੋਪਾਰਾ ਇਲਾਕੇ ਵਿਚ ਰਹਿਣ ਵਾਲੇ ਇਕ ਬਜ਼ੁਰਗ ਨੂੰ 80 ਕਰੋੜ ਰੁਪਏ ਬਿਜਲੀ ਦਾ ਬਿੱਲ ਆਇਆ। ਇਸ ਬਿੱਲ ਨੂੰ ਵੇਖ ਬਜ਼ੁਰਗ ਦੇ ਹੋਸ਼ ਉੱਡ ਗਏ ਅਤੇ ਸਿਹਤ ਖਰਾਬ ਹੋ ਗਈ। ਬਜ਼ੁਰਗ ਦਾ ਬਲੱਡ ਪ੍ਰੈੱਸ਼ਰ ਵਧ ਗਿਆ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਉਣਾ ਪਿਆ। ਓਧਰ ਬਿਜਲੀ ਬੋਰਡ ਨੇ ਕਿਹਾ ਕਿ ਬਿੱਲ ’ਚ ਲਿਖਤੀ ਗਲਤੀ ਹੋਈ ਹੈ।
ਦਰਅਸਲ ਸੋਮਵਾਰ ਨੂੰ ਨਾਲਾਸੋਪਾਰਾ ਇਲਾਕੇ ’ਚ ‘ਰਾਈਸ ਮਿੱਲ’ ਚਲਾਉਣ ਵਾਲੇ 80 ਸਾਲਾ ਗਣਪਤ ਨਾਇਕ ਨੂੰ ਉਸ ਸਮੇਂ ਤਗੜਾ ਝਟਕਾ ਲੱਗਾ, ਜਦੋਂ ਉਨ੍ਹਾਂ ਨੂੰ 80 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਮਿਲਿਆ। ਗਣਪਤ ਦਿਲ ਦੇ ਮਰੀਜ਼ ਹਨ ਅਤੇ ਬਿੱਲ ਵੇਖ ਕੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਵੱਧ ਗਿਆ। ਜਿਸ ਕਾਰਨ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਉਣਾ ਪਿਆ।
ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ ਨੇ ਕਿਹਾ ਕਿ ਇਹ ਅਣਜਾਣੇ ’ਚ ਹੋਈ ਗਲਤੀ ਸੀ ਅਤੇ ਬਿੱਲ ਜਲਦ ਹੀ ਸਹੀ ਕਰ ਲਿਆ ਗਿਆ ਹੈ। ਬਿਜਲੀ ਬੋਰਡ ਨੇ ਸਾਫ਼ ਕੀਤਾ ਕਿ ਗਲਤੀ ਮੀਟਰ ਰੀਡਿੰਗ ਲੈਣ ਵਾਲੀ ਏਜੰਸੀ ਦੀ ਸੀ। ਬਿਜਲੀ ਬੋਰਡ ਨੇ ਕਿਹਾ ਕਿ ਏਜੰਸੀ ਨੇ 6 ਅੰਕਾਂ ਦੀ ਬਜਾਏ 9 ਅੰਕਾਂ ਦਾ ਬਿੱਲ ਬਣਾ ਦਿੱਤਾ ਸੀ। ਗਲਤੀ ਨੂੰ ਸੁਧਾਰ ਕੇ ਅਸੀਂ ਨਵਾਂ ਬਿੱਲ ਜਾਰੀ ਕਰ ਰਹੇ ਹਾਂ। ਬਿਜਲੀ ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਗਣਪਤ ਨਾਇਕ ਨੂੰ ਨਵਾਂ ਬਿੱਲ ਭੇਜ ਦਿੱਤਾ ਗਿਆ ਹੈ। ਗਣਪਤ ਹੁਣ ਆਪਣੇ ਬਿੱਲ ਤੋਂ ਸੰਤੁਸ਼ਟ ਹਨ।