ਵੱਡੀ ਵਾਰਦਾਤ : ਦਿਨ-ਦਿਹਾੜੇ ਦੁਕਾਨ ''ਚੋਂ ਲੁੱਟ ਲਿਆ 1.5 ਕਿਲੋ ਸੋਨਾ
Saturday, Feb 01, 2025 - 06:03 PM (IST)
ਨੈਸ਼ਨਲ ਡੈਸਕ : ਅੱਜ ਦਿਨ-ਦਿਹਾੜੇ ਪਏ ਵੱਡੇ ਡਾਕੇ ਨੇ ਦੁਕਾਨਦਾਰਾਂ ਦੇ ਹੋਸ਼ ਉੱਡਾ ਦਿੱਤੇ ਹਨ। ਦੁਪਹਿਰ ਸਮੇਂ ਇਕ ਗੋਲਡ ਸ਼ਾਪ ਉੱਤੇ ਆਏ 2 ਲੁੱਟੇਰੇ ਸ਼ਰੇਆਮ ਦੁਕਾਨ 'ਤੇ ਬੈਠੀ ਔਰਤ ਨੂੰ ਤੇਜਧਾਰ ਹਥਿਆਰ ਦਿਖਾ ਕੇ ਲਗਭਗ ਡੇਢ ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਹਨ
ਮਾਮਲਾ ਜੰਮੂ ਸ਼ਹਿਰ ਦੇ ਗ੍ਰੇਟਰ ਕੈਲਾਸ਼ ਦੇ ਸਭ ਤੋਂ ਭੀੜ-ਭਾੜ ਵਾਲੇ ਇਲਾਕੇ ਫੁਆਰਾ ਚੌਕ ਦਾ ਹੈ। ਜਿਥੇ ਅੱਜ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਆਨੰਦ ਜਵੈਲਰਜ਼ ਨਾਮਕ ਦੁਕਾਨ ਤੋਂ ਕਰੀਬ ਡੇਢ ਕਿੱਲੋ ਸੋਨਾ ਲੁੱਟ ਲਿਆ, ਜਿੱਥੇ ਉਸ ਸਮੇਂ ਇੱਕ ਔਰਤ ਬੈਠੀ ਸੀ।
ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਦੁਕਾਨ ਅੰਦਰ ਦਾਖਲ ਹੋਏ, ਔਰਤ ਤੋਂ ਤਿਜੋਰੀ ਦੀ ਚਾਬੀ ਲੈ ਕੇ ਅੰਦਰ ਰੱਖਿਆ ਸਾਰਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਹਾਲਾਂਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੁਟੇਰੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ, ਜਦੋਂਕਿ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਨੇ ਸੜਕ 'ਤੇ ਧਰਨਾ ਦੇ ਕੇ ਘਟਨਾ ਦਾ ਵਿਰੋਧ ਕੀਤਾ, ਉਥੇ ਹੀ ਪੁਲਸ ਨੇ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਲਾਕੇ ਦੇ ਸਾਬਕਾ ਕੌਂਸਲਰ ਅਨਿਲ ਕੁਮਾਰ ਨੇ ਪੁਲੀਸ ਤੋਂ ਇਸ ਘਟਨਾ ’ਤੇ ਸਖ਼ਤ ਰੁਖ ਅਖ਼ਤਿਆਰ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਜੰਮੂ ਸ਼ਹਿਰ ਵਿੱਚ ਦਿਨ-ਬ-ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਇਸ ਦੇ ਆਉਣ ਵਾਲੇ ਦਿਨਾਂ ਵਿੱਚ ਖ਼ਤਰਨਾਕ ਸਿੱਟੇ ਸਾਹਮਣੇ ਆਉਣਗੇ।