ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ''ਤੇ ਵਾਪਰਿਆ ਵੱਡਾ ਹਾਦਸਾ, 4 ਲੋਕਾਂ ਦੀ ਮੌਤ ਤੇ 24 ਜ਼ਖਮੀ
Tuesday, Aug 20, 2024 - 12:31 AM (IST)

ਨੋਇਡਾ — ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਦਨਕੌਰ ਇਲਾਕੇ 'ਚ ਈਸਟਰਨ ਪੈਰੀਫਿਰਲ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਕਮਿਸ਼ਨਰ ਦੇ ਮੀਡੀਆ ਇੰਚਾਰਜ ਲਕਸ਼ਮੀ ਸਿੰਘ ਨੇ ਦੱਸਿਆ ਕਿ ਮੇਰਠ ਜ਼ਿਲ੍ਹੇ ਦੇ ਤੇਜ ਗੜ੍ਹੀ ਚੌਰਾਹੇ ਦੀ ਸ਼ਰਮਾ ਬੈਂਡ ਪਾਰਟੀ ਹਾਪੁੜ 'ਚ ਇਕ ਪ੍ਰੋਗਰਾਮ ਕਰਨ ਤੋਂ ਬਾਅਦ ਐਤਵਾਰ ਰਾਤ ਕਰੀਬ 2.30 ਵਜੇ ਕੈਂਟਰ ਗੱਡੀ 'ਚ ਈਸਟਰਨ ਪੈਰੀਫੇਰਲ ਤੋਂ ਫਰੀਦਾਬਾਦ ਜਾ ਰਹੀ ਸੀ।
ਇਸ ਦੌਰਾਨ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ 'ਤੇ ਕੈਂਟਰ ਦਾ ਟਾਇਰ ਫਟ ਗਿਆ, ਜਿਸ ਕਾਰਨ ਇਹ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 24 ਲੋਕ ਗੰਭੀਰ ਜ਼ਖਮੀ ਹੋ ਗਏ। ਬੈਂਡ ਪਾਰਟੀ ਵਿੱਚ ਕਰੀਬ 30 ਲੋਕ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੋਮਪਾਲ (50), ਰੋਹਿਤ (25), ਰਾਜੂ (35) ਅਤੇ ਅਰਜੁਨ (38) ਵਜੋਂ ਹੋਈ ਹੈ।
ਸੂਚਨਾ ਮਿਲਣ 'ਤੇ ਥਾਣਾ ਦਨਕੌਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਸੁਰੱਖਿਅਤ ਥਾਂ 'ਤੇ ਖੜ੍ਹਾ ਕਰ ਦਿੱਤਾ ਗਿਆ ਹੈ। ਪੁਲਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਈਸਟਰਨ ਪੈਰੀਫੇਰਲ 'ਤੇ ਮੌਜੂਦ ਸੀਸੀਟੀਵੀ ਰਾਹੀਂ ਬੈਂਡ ਪਾਰਟੀ ਦੇ ਵਾਹਨ ਦੀ ਗਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।