ਮਹਾਰਾਸ਼ਟਰ ’ਚ ‘ਮਹਾਯੁਤੀ’ ਗੱਠਜੋੜ ਨੂੰ ਭਾਰੀ ਬਹੁਮਤ, ਝਾਰਖੰਡ ''ਚ ਮੁੜ ਹੇਮੰਤ ਸਰਕਾਰ
Sunday, Nov 24, 2024 - 10:38 AM (IST)
ਨਵੀਂ ਦਿੱਲੀ (ਭਾਸ਼ਾ)- ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦੇ ਸ਼ਨੀਵਾਰ ਆਏ ਨਤੀਜਿਆਂ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ‘ਮਹਾਯੁਤੀ'’ ਗੱਠਜੋੜ ਨੇ ਭਾਰੀ ਬਹੁਮਤ ਨਾਲ ਸੱਤਾ ਬਰਕਰਾਰ ਰੱਖੀ ਹੈ। ਗੱਠਜੋੜ ਨੇ 288 ਮੈਂਬਰੀ ਵਿਧਾਨ ਸਭਾ ’ਚ 231 ਸੀਟਾਂ ਜਿੱਤੀਆਂ ਹਨ ਜਦੋਂ ਕਿ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਦਾ ਸੱਤਾ ਹਾਸਲ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ। ਵਿਰੋਧੀ ਗੱਠਜੋੜ ਸਿਰਫ਼ 50 ਸੀਟਾਂ ’ਤੇ ਹੀ ਸਿਮਟ ਗਿਆ। ਚੋਣ ਨਤੀਜਿਆਂ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਭਾਜਪਾ ਨੇਤਾ ਦੇਵੇਂਦਰ ਫੜਨਵੀਸ ’ਤੇ ਕੇਂਦਰਿਤ ਹੋ ਗਿਆ ਹੈ, ਜੋ ਆਪਣੀ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਨਿਰਮਾਤਾ ਮੰਨੇ ਜਾਂਦੇ ਹਨ। ਸਿਆਸੀ ਹਲਕਿਆਂ ’ਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਦੂਜੇ ਬ੍ਰਾਹਮਣ ਮੁੱਖ ਮੰਤਰੀ ਫੜਨਵੀਸ ਤੀਜੀ ਵਾਰ ਇਹ ਅਹੁਦਾ ਸੰਭਾਲਣਗੇ। ਮਹਾਰਾਸ਼ਟਰ ਦੇ ਮੌਜੂਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੇ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ’ਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਿਥਵੀਰਾਜ ਚਵਾਨ ਤੇ ਬਾਲਾ ਸਾਹਿਬ ਥੋਰਾਟ ਚੋਣ ਹਾਰ ਗਏ ਹਨ। ਫੜਨਵੀਸ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕੋਈ ਵਿਵਾਦ ਨਹੀਂ। ‘ਮਹਾਯੁਤੀ’ ਦੇ ਨੇਤਾ ਮਿਲ ਕੇ ਇਸ ਮੁੱਦੇ ’ਤੇ ਫੈਸਲਾ ਲੈਣਗੇ।
ਦੂਜੇ ਪਾਸੇ ਝਾਰਖੰਡ ’ਚ ਹੇਮੰਤ ਸੋਰੇਨ ਦੀ ਪਾਰਟੀ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਦੀ ਅਗਵਾਈ ਵਾਲੇ ਗੱਠਜੋੜ ਨੇ ਸੂਬੇ ਦੀ 81 ਮੈਂਬਰੀ ਵਿਧਾਨ ਸਭਾ ’ਚ 56 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਹੈ। ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਦਾ ਪ੍ਰਦਰਸ਼ਨ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਐੱਨ. ਡੀ. ਏ. ਨੇ 23 ਸੀਟਾਂ ਜਿੱਤੀਆਂ ਹਨ। ਭਾਜਪਾ ਦਾ ਚੋਣ ਮੁੱਦਾ ਸੰਥਾਲ ਪਰਗਨਾ ਖੇਤਰ ’ਚੋਂ ਘੁਸਪੈਠੀਆਂ ਨੂੰ ਬਾਹਰ ਕੱਢਣਾ ਸੀ, ਪਰ ਜੇ. ਐੱਮ. ਐੱਮ. ਵੱਲੋਂ ਖੇਡੇ ਗਏ 'ਆਦਿਵਾਸੀ' ਕਾਰਡ ਦੇ ਮੁਕਾਬਲੇ ਇਹ ਫਿੱਕਾ ਰਿਹਾ। ਮੁੱਖ ਮੰਤਰੀ ਸੋਰੇਨ ਬਰਹੇਟ ਸੀਟ ਤੋਂ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਗੰਡੇ ਸੀਟ ਤੋਂ ਜਿੱਤੇ ਹਨ।
ਲੋਕਤੰਤਰ ਦੀ ਪ੍ਰੀਖਿਆ ’ਚ ਅਸੀਂ ਸਫ਼ਲ ਹੋਏ : ਹੇਮੰਤ ਸੋਰੇਨ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ ‘ ਇੰਡੀਆ’ ਗੱਠਜੋੜ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੂਬੇ ਦੀ ਜਨਤਾ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਪਾਰਟੀ ਲੋਕਤੰਤਰ ਦੀ ਪ੍ਰੀਖਿਆ ਵਿਚ ਸਫਲ ਰਹੀ ਹੈ। ਸੋਰੇਨੇ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਝਾਰਖੰਡ ਵਿਚ ਲੋਕਤੰਤਰ ਦੀ ਪ੍ਰੀਖਿਆ ਵਿਚ ਅਸੀਂ ਪਾਸ ਹੋ ਗਏ ਹਾਂ, ਚੋਣ ਨਤੀਜਿਆਂ ਤੋਂ ਬਾਅਦ ਅਸੀਂ ਆਪਣੀ ਰਣਨੀਤੀ ਨੂੰ ਆਖਰੀ ਰੂਪ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸੂਬੇ ਦੀ ਜਨਤਾ ਪ੍ਰਤੀ ਧੰਨਵਾਦ ਪ੍ਰਗਟ ਕਰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8