ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ
Friday, Jan 02, 2026 - 11:35 PM (IST)
ਲਖਨਊ- ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ ’ਚ ਚੱਕਰ ਕੱਟਣ ਤੋਂ ਬਾਅਦ ਦਿੱਲੀ ਪਰਤ ਗਈ। ਏਅਰਪੋਰਟ ਸੂਤਰਾਂ ਅਨੁਸਾਰ, ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ ਪਹੁੰਚੀ ਪਰ ਵਿਜ਼ੀਬਿਲਟੀ ਸਿਰਫ 10 ਮੀਟਰ ਦੇ ਆਸ-ਪਾਸ ਸੀ। ਪਾਇਲਟ ਨੇ ਕਾਫੀ ਦੇਰ ਤੱਕ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ ਨੇ ਸੁਰੱਖਿਆ ਕਾਰਨਾਂ ਕਰ ਕੇ ਜਹਾਜ਼ ਨੂੰ 7:51 ਵਜੇ ਦਿੱਲੀ ਵਾਪਸ ਭੇਜ ਦਿੱਤਾ। ਇਸ ਜਹਾਜ਼ ਰਾਹੀਂ ਸੰਚਾਲਿਤ ਹੋਣ ਵਾਲੀ ਰਿਆਦ ਜਾਣ ਵਾਲੀ ਉਡਾਣ ਆਈ.ਐਕਸ.-189 ਨੂੰ ਵੀ ਰੱਦ ਕਰਨਾ ਪਿਆ। ਸੰਘਣੀ ਧੁੰਦ ਦਾ ਅਸਰ ਹੋਰ ਉਡਾਣਾਂ ’ਤੇ ਵੀ ਪਿਆ, ਜਿਸ ਕਾਰਨ ਮੁੰਬਈ, ਹੈਦਰਾਬਾਦ, ਰਿਆਦ, ਕਿਸ਼ਨਗੜ੍ਹ ਅਤੇ ਝਾਰਸੁਗੁੜਾ ਤੋਂ ਆਉਣ ਵਾਲੀਆਂ ਕਈ ਫਲਾਈਟਾਂ ਦੇਰੀ ਨਾਲ ਲਖਨਊ ਪਹੁੰਚੀਆਂ।
