ਟਿੱਡੀ ਦਲ ਦਾ ਕਹਿਰ, ਰਾਜਸਥਾਨ 'ਚ 90 ਹਜ਼ਾਰ ਹੈਕਟੇਅਰ ਇਲਾਕਾ ਪ੍ਰਭਾਵਿਤ

Thursday, May 28, 2020 - 06:16 PM (IST)

ਟਿੱਡੀ ਦਲ ਦਾ ਕਹਿਰ, ਰਾਜਸਥਾਨ 'ਚ 90 ਹਜ਼ਾਰ ਹੈਕਟੇਅਰ ਇਲਾਕਾ ਪ੍ਰਭਾਵਿਤ

ਜੈਪੁਰ (ਭਾਸ਼ਾ)— ਪਾਕਿਸਤਾਨ ਦੀ ਸਰਹੱਦ ਤੋਂ ਰਾਜਸਥਾਨ 'ਚ ਦਾਖਲ ਹੋਈਆਂ ਟਿੱਡੀਆਂ ਦੇ ਹਮਲੇ ਨਾਲ ਰਾਜਸਥਾਨ ਦੇ ਜ਼ਿਲਿਆਂ ਦਾ ਲੱਗਭਗ 90,000 ਹੈਕਟੇਅਰ ਇਲਾਕਾ ਪ੍ਰਭਾਵਿਤ ਹੋਇਆ ਹੈ। ਅਧਿਕਾਰੀ ਨੇ ਵੀਰਵਾਰ ਭਾਵ ਅੱਜ ਦੱਸਿਆ ਕਿ ਟਿੱਡੀ ਕੰਟਰੋਲ ਦਲਾਂ ਵਲੋਂ ਕੀਤੇ ਗਏ ਕੀਟਨਾਸ਼ਕ ਦਵਾਈ ਦੇ ਛਿੜਕਾਅ ਤੋਂ ਬਾਅਦ ਟਿੱਡੀਆਂ ਸ਼੍ਰੀਗੰਗਾਨਗਰ ਤੋਂ ਨਾਗੌਰ, ਜੈਪੁਰ, ਦੌਸਾ, ਕਰੌਲੀ ਅਤੇ ਸਵਾਈ ਮਾਧੋਪੁਰ ਅਤੇ ਹੋਰ ਖੇਤਰਾਂ ਤੋਂ ਲੰਘਦੀਆਂ ਹੋਈਆਂ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵੱਲ ਵਧ ਗਈਆਂ। ਖੇਤੀਬਾੜੀ ਮਹਿਕਮੇ ਦੇ ਕਮਿਸ਼ਨਰ ਓਮ ਪ੍ਰਕਾਸ਼ ਨੇ ਦੱਸਿਆ ਕਿ ਟਿੱਡੀਆਂ ਦੇ ਹਮਲੇ ਨਾਲ ਸ਼੍ਰੀਗੰਗਾਨਗਰ 'ਚ ਲੱਗਭਗ 4,000 ਹੈਕਟੇਅਰ ਜ਼ਮੀਨ 'ਤੇ ਲੱਗੀ ਫਸਲ ਨੂੰ ਨੁਕਸਾਨ ਹੋਇਆ ਹੈ, ਉੱਥੇ ਹੀ ਨਾਗੌਰ ਵਿਚ 100 ਹੈਕਟੇਅਰ ਦੀ ਫਸਲ ਨੂੰ ਟਿੱਡੀਆਂ ਸਾਫ ਕਰ ਗਈਆਂ। 

ਸੂਬੇ ਵਿਚ ਟਿੱਡੀਆਂ ਦੇ ਹਮਲੇ ਨਾਲ 20 ਜ਼ਿਲਿਆਂ ਦੀ ਕੁੱਲ 90,000 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਨੇ 67,000 ਹੈਕਟੇਅਰ ਜ਼ਮੀਨ 'ਤੇ ਟਿੱਡੀਆਂ ਨੂੰ ਭਜਾਉਣ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਇਆ ਹੈ। ਅਧਿਕਾਰੀ ਨੇ ਦੱਸਿਆ ਕਿ ਟਿੱਡੀਆਂ ਇਕ ਦਿਨ 'ਚ 15-20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਕੇ ਇਕ ਦਿਨ 'ਚ 150 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀਆਂ ਹਨ। ਅਜੇ ਖੇਤਾਂ ਵਿਚ ਖੜ੍ਹੀ ਫਸਲ ਨਹੀਂ ਹੈ, ਇਸ ਲਈ ਟਿੱਡੀਆਂ ਦਰੱਖਤਾਂ ਅਤੇ ਹੋਰ ਭੋਜਨ ਪਦਾਰਥਾਂ ਨੂੰ ਆਪਣਾ ਟੀਚਾ ਬਣਾ ਰਹੀਆਂ ਹਨ। ਇਸ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਕੀਟਨਾਸ਼ਕ ਉਪਲੱਬਧ ਕਰਵਾਇਆ ਗਿਆ ਹੈ। ਹਾਲ ਹੀ 'ਚ ਟਿੱਡੀਆਂ ਰਾਜਧਾਨੀ ਜੈਪੁਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਦਾਖਲ ਹੋ ਗਈਆਂ ਸਨ ਅਤੇ ਦਰੱਖਤਾਂ ਤੇ ਕੰਧਾਂ ਨਾਲ ਚਿਪਕ ਗਈਆਂ ਸਨ।


author

Tanu

Content Editor

Related News