ਜੰਮੂ ਕਸ਼ਮੀਰ : ਬਾਰਾਮੂਲਾ 'ਚ ਲਸ਼ਕਰ ਅੱਤਵਾਦੀ ਦਾ ਸਹਿਯੋਗੀ ਹਥਿਆਰਾਂ ਸਮੇਤ ਗ੍ਰਿਫ਼ਤਾਰ

03/15/2023 9:52:46 AM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਇਕ ਸ਼ੱਕੀ ਅੱਤਵਾਦੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਬਾਰਾਮੂਲਾ ਪੁਲਸ, ਫ਼ੌਜ ਦੀ 29 ਆਰ.ਆਰ. ਅਤੇ 2 ਬਟਾਲੀਅਨ ਐੱਸ.ਐੱਸ.ਬੀ. ਦੀ ਸੰਯੁਕਤ ਫ਼ੋਰਸ ਨੇ ਸਿੰਘਪੋਰਾ ਪੱਟਨ 'ਚ ਨਾਕਾ ਚੌਕੀ ਲਗਾਉਣ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਫੜਿਆ। ਉਨ੍ਹਾਂ ਦੱਸਿਆ ਕਿ ਮਾਟੀਪੋਰਾ ਵਲੋਂ ਫੇਰਨ (ਰਵਾਇਤੀ ਕੱਪੜੇ) ਪਹਿਨੇ ਇਕ ਵਿਅਕਤੀ ਨੇ ਨਾਕਾ ਚੌਕੀ ਦੇਖ ਕੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਸਰਗਰਮ ਸੰਯੁਕਤ ਫ਼ੋਰਸਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ।

ਸ਼ੱਕੀ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਏ.ਕੇ.-47 ਦੇ 71 ਰਾਊਂਡ ਕਾਰਤੂਸ ਬਰਾਮਦ ਕੀਤੇ ਅਤੇ ਉਸ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਪੁੱਛ-ਗਿੱਛ 'ਚ ਉਸ ਨੇ ਆਪਣਾ ਨਾਮ ਅਲੀ ਮੁਹੰਮਦ ਭੱਟ ਦੱਸਿਆ ਅਤੇ ਉਹ ਬੋਨੀਚਕਲ ਆਰਾਮਪੋਰਾ ਪੱਟਨ ਵਾਸੀ ਹੈ। ਉਸ ਨੇ ਦੱਸਿਆ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦਾ ਸਹਿਯੋਗੀ ਹੈ। ਪੁਲਸ ਨੇ ਕਿਹਾ ਕਿ ਥਾਣਾ ਪੱਟਨ 'ਚ ਹਥਿਆਰਬੰਦ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


DIsha

Content Editor

Related News