ਹੋ ਗਿਆ ਲੈਂਡ ਸਲਾਈਡ, ਪਲਾਂ 'ਚ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ
Wednesday, Jul 02, 2025 - 11:24 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਰਾਜ ਖੇਤਰ ਵਿਚ ਕੁਦਰਤ ਨੇ ਅਜਿਹਾ ਭਿਆਨਕ ਰੂਪ ਵਿਖਾਇਆ ਕਿ ਬਾੜਾ ਪੰਚਾਇਤ ਦੇ ਘਿਆਹਨ ਪਿੰਡ 'ਚ ਇਕ ਖੁਸ਼ਹਾਲ ਪਰਿਵਾਰ ਇਕ ਪਲ 'ਚ ਹੀ ਟੁੱਟ ਗਿਆ। ਰਾਤ 1 ਵਜੇ ਦੇ ਕਰੀਬ ਲੈਂਡ ਸਲਾਈਡ ਕਾਰਨ ਗਿਰਧਾਰੀ ਲਾਲ ਦੇ 10 ਕਮਰਿਆਂ ਵਾਲਾ ਘਰ ਮਲਬੇ ਵਿਚ ਬਦਲ ਗਿਆ, ਜਿਸ 'ਚ ਉਸ ਦੀ 86 ਸਾਲਾ ਮਾਂ ਮੰਗਰੀ ਦੇਵੀ ਅਤੇ 33 ਸਾਲਾ ਪੋਤੇ ਵਿਧੀ ਚੰਦ ਦੀ ਮੌਤ ਹੋ ਗਈ। ਇਹ ਘਟਨਾ ਮੰਡੀ ਜ਼ਿਲ੍ਹੇ ਦੀ ਚਾਚਓਟ ਤਹਿਸੀਲ ਵਿਚ ਵਾਪਰੀ, ਜਿਸ ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਗਿਰਧਾਰੀ ਲਾਲ ਆਪਣੇ ਤਿੰਨ ਪੁੱਤਰਾਂ- ਵਿਧੀ ਚੰਦ, ਕਮਲ ਅਤੇ ਤੁਲਸੀ ਨਾਲ ਘਰ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਿਹਾ ਸੀ। ਜਿਵੇਂ ਹੀ ਜ਼ਮੀਨ ਖਿਸਕ ਗਈ, ਵਿਧੀ ਚੰਦ ਨੇ ਬਹੁਤ ਹਿੰਮਤ ਦਿਖਾਈ ਅਤੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਜਦੋਂ ਉਹ ਆਪਣੀ ਦਾਦੀ ਮੰਗਰੀ ਦੇਵੀ ਨੂੰ ਬਚਾਉਣ ਲਈ ਮੁੜ ਘਰ ਦੇ ਅੰਦਰ ਗਿਆ ਤਾਂ ਬਦਕਿਸਮਤੀ ਨਾਲ ਮਲਬੇ ਨੇ ਦੋਵਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਵਿਧੀ ਚੰਦ ਅਤੇ ਮੰਗਰੀ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਆਫ਼ਤ 'ਚ ਗਿਰਧਾਰੀ ਲਾਲ, ਉਨ੍ਹਾਂ ਦੀ ਨੂੰਹ ਸਰਲਾ ਦੇਵੀ (ਵਿਧੀ ਚੰਦ ਦੀ ਪਤਨੀ) ਅਤੇ ਉਨ੍ਹਾਂ ਦੇ ਦੋ ਛੋਟੇ ਪੁੱਤਰ ਸੰਜੇ ਕੁਮਾਰ ਅਤੇ ਦਿਵਯਾਂਸ਼ੂ ਭਾਰਦਵਾਜ ਵੀ ਜ਼ਖਮੀ ਹੋ ਗਏ। ਰਾਹਤ ਅਤੇ ਬਚਾਅ ਟੀਮਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਪੰਚਾਇਤ ਪ੍ਰਧਾਨ ਜਿਮਾ ਦੇਵੀ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਬਾਅਦ ਪਿੰਡ ਵਿਚ ਚੀਕ-ਚਿਹਾੜਾ ਪੈ ਗਿਆ। ਤਿੰਨ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮਲਬੇ ਤੋਂ ਦੋਵਾਂ ਲਾਸ਼ਾਂ ਨੂੰ ਕੱਢਿਆ ਜਾ ਸਕਿਆ। ਇਹ ਦ੍ਰਿਸ਼ ਇੰਨਾ ਦਰਦਨਾਕ ਸੀ ਕਿ ਹਰ ਕੋਈ ਦੰਗ ਰਹਿ ਗਿਆ। ਗਿਰਧਾਰੀ ਲਾਲ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਮਾਂ ਅਤੇ ਪੁੱਤਰ ਨੂੰ ਗੁਆ ਦਿੱਤਾ ਅਤੇ ਵਿਧੀ ਚੰਦ ਦੇ ਦੋ ਮਾਸੂਮ ਪੁੱਤਰ ਹੁਣ ਆਪਣੇ ਪਿਤਾ ਦੇ ਪਰਛਾਵੇਂ ਤੋਂ ਵਾਂਝੇ ਹਨ।
ਇਸ ਜ਼ਮੀਨ ਖਿਸਕਣ ਨਾਲ ਨਾ ਸਿਰਫ਼ ਗਿਰਧਾਰੀ ਲਾਲ ਦੇ ਘਰ ਨੂੰ ਸਗੋਂ ਪਿੰਡ ਦੇ ਹੋਰ ਵਸਨੀਕਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਘਿਆਹਨ ਪਿੰਡ ਵਿਚ ਡੂੰਘਾ ਸੋਗ ਹੈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਹਰ ਅੱਖ ਨਮ ਹੈ ਅਤੇ ਲੋਕ ਸਦਮੇ ਵਿਚ ਹਨ। ਕੁਦਰਤ ਦੇ ਇਸ ਕਹਿਰ ਨੇ ਘਿਆਹਨ ਪਿੰਡ ਲਈ ਇੰਨਾ ਡੂੰਘਾ ਜ਼ਖ਼ਮ ਛੱਡ ਦਿੱਤਾ ਹੈ, ਜਿਸ ਨੂੰ ਭਰਨ ਵਿਚ ਸ਼ਾਇਦ ਕਈ ਸਾਲ ਲੱਗਣਗੇ।