450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਔਰਤਾਂ ਲਈ ਚੰਗੀ ਖ਼ਬਰ
Tuesday, Jul 30, 2024 - 04:59 PM (IST)
ਭੋਪਾਲ- 'ਲਾਡਲੀ ਬਹਿਨਾ ਯੋਜਨਾ' ਅਧੀਨ ਸਾਰੀਆਂ ਲਾਭਪਾਤਰੀ ਔਰਤਾਂ ਨੂੰ 450 ਰੁਪਏ 'ਚ ਗੈਸ ਸਿਲੰਡਰ ਦਿੱਤਾ ਜਾਵੇਗਾ। ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਸਰਕਾਰ ਨੇ ਕਿਹਾ ਕਿ 'ਲਾਡਲੀ ਬਹਿਨਾ ਯੋਜਨਾ' ਤਹਿਤ ਸਿਲੰਡਰ ਦੇ ਸਿਰਫ਼ 450 ਰੁਪਏ ਦੇਣੇ ਹੋਣਗੇ। ਇਸ ਤੋਂ ਉੱਪਰ ਦੀ ਰਾਸ਼ੀ ਦੀ ਭਰਪਾਈ ਸੂਬਾ ਸਰਕਾਰ ਕਰੇਗੀ। ਦਰਅਸਲ ਮੱਧ ਪ੍ਰਦੇਸ਼ ਦੀ ਮੋਹਨ ਯਾਦਵ ਸਰਕਾਰ ਨੇ ਔਰਤਾਂ ਨੂੰ ਇਹ ਸੌਗਾਤ ਦਿੱਤੀ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ 'ਤੇ ਵਰ੍ਹੇ CM ਮਾਨ, ਕਿਹਾ- 400 ਪਾਰ ਤਾਂ ਕੀ ਬੇੜਾ ਪਾਰ ਹੀ ਨਹੀਂ ਹੋਇਆ
ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਕੈਲਾਸ਼ ਵਿਜੇਵਰਗੀਆ ਨੇ ਕਿਹਾ ਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭੈਣਾਂ ਨੂੰ 450 ਰੁਪਏ 'ਚ ਗੈਸ ਸਿਲੰਡਰ ਦਿੱਤਾ ਜਾਵੇਗਾ। ਇਸ ਲਈ ਬਜਟ 'ਚ ਵਿਵਸਥਾ ਕੀਤੀ ਗਈ ਹੈ। ਫਿਲਹਾਲ ਗੈਸ ਸਿਲੰਡਰ ਲਗਭਗ 848 ਰੁਪਏ ਵਿਚ ਮਿਲ ਰਿਹਾ ਹੈ। ਇਸ ਵਿਚ 450 ਰੁਪਏ ਲਾਡਲੀ ਬਹਿਨਾ ਨੂੰ ਦੇਣੇ ਪੈਣਗੇ। ਬਾਕੀ ਬਚੇ 398 ਰੁਪਏ ਦੀ ਭਰਪਾਈ ਸੂਬਾ ਸਰਕਾਰ ਕਰੇਗੀ। ਇਸ 'ਤੇ ਕਰੀਬ 160 ਕਰੋੜ ਰੁਪਏ ਦਾ ਖਰਚਾ ਆਵੇਗਾ। ਭੈਣਾਂ ਬਾਰੇ ਸਾਡਾ ਐਲਾਨ ਸੀ ਕਿ ਗੈਸ ਸਿਲੰਡਰ ਸਬਸਿਡੀ 'ਤੇ ਦਿੱਤੇ ਜਾਣਗੇ। ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਰੱਖੜੀ 'ਤੇ ਭੈਣਾਂ ਨੂੰ ਖ਼ਾਸ ਤੋਹਫ਼ਾ ਦੇਣ ਜਾ ਰਹੀ ਹੈ। ਲਾਡਲੀ ਭੈਣਾਂ ਦੇ ਖਾਤੇ ਵਿਚ 1 ਅਗਸਤ ਨੂੰ ਵੱਖ ਤੋਂ 250 ਰੁਪਏ ਦੀ ਰਾਸ਼ੀ ਅਲਾਟ ਕੀਤੀ ਜਾਵੇਗੀ। ਭਾਜਪਾ ਸਰਕਾਰ ਭੈਣਾਂ ਨੂੰ ਹਰ ਮਹੀਨੇ 1250 ਰੁਪਏ ਦੀ ਆਰਥਿਕ ਮਦਦ ਦਿੰਦੀ ਹੈ। ਯਾਨੀ ਕਿ ਇਸ ਮਹੀਨੇ ਲਾਡਲੀ ਬਹਿਨਾ ਯੋਜਨਾ ਨਾਲ ਜੁੜੀਆਂ ਔਰਤਾਂ ਦੇ ਖਾਤੇ ਵਿਚ ਸਿੱਧੇ 1500 ਰੁਪਏ ਦੀ ਰਾਸ਼ੀ ਪਾਈ ਜਾਵੇਗੀ।
ਇਹ ਵੀ ਪੜ੍ਹੋ- ਰੁੜ੍ਹ ਗਈਆਂ ਸੜਕਾਂ, ਹਾਲਾਤ ਹੋਏ ਬੱਦਤਰ, ਮੌਤ ਦੇ ਆਗੋਸ਼ 'ਚ ਸੁੱਤੇ 90 ਲੋਕ
ਆਂਗਣਵਾੜੀ ਵਰਕਰਾਂ ਨੂੰ ਵੀ ਸੌਗਾਤ
ਵਿਜੇਵਰਗੀਆ ਨੇ ਕਿਹਾ ਕਿ ਕੈਬਨਿਟ ਵੱਲੋਂ 'ਸਕਸ਼ਮ ਆਂਗਣਵਾੜੀ ਪੋਸ਼ਣ ਯੋਜਨਾ' ਦੇ ਤਹਿਤ ਆਂਗਣਵਾੜੀ ਵਿਚ ਕੰਮ ਕਰਨ ਵਾਲੀਆਂ ਭੈਣਾਂ ਲਈ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਆਂਗਣਵਾੜੀ ਦੀਆਂ ਸਾਰੀਆਂ ਭੈਣਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਕਵਰ ਕੀਤਾ ਜਾਵੇਗਾ। ਇਸ ਦਾ ਪ੍ਰੀਮੀਅਮ ਸੂਬਾ ਸਰਕਾਰ ਅਦਾ ਕਰੇਗੀ, ਸੂਬੇ ਦੀਆਂ 57 ਹਜ਼ਾਰ 324 ਭੈਣਾਂ ਇਸ ਸਕੀਮ ਦਾ ਲਾਭ ਲੈਣਗੀਆਂ। ਉਨ੍ਹਾਂ ਕਿਹਾ ਕਿ 'ਐਮ.ਪੀ ਰੂਰਲ ਕਨੈਕਟੀਵਿਟੀ ਪ੍ਰਾਜੈਕਟ' ਤਹਿਤ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸਾਰੇ ਅਧੂਰੇ ਪਏ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵੰਦੇ ਭਾਰਤ ਟਰੇਨ 'ਚ ਵੇਟਰ ਨੇ ਪਰੋਸ ਦਿੱਤਾ ਮਾਸਾਹਾਰੀ ਭੋਜਨ, ਬਜ਼ੁਰਗ ਮੁਸਾਫਰ ਨੇ ਮਾਰੇ ਥੱਪੜ