ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਾਂਗਰਸ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ

Friday, Sep 27, 2024 - 05:28 PM (IST)

ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਾਂਗਰਸ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ

ਚੰਡੀਗੜ੍ਹ- ਕਾਂਗਰਸ ਤੋਂ 'ਨਾਰਾਜ਼' ਦੱਸੀ ਜਾ ਰਹੀ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਪਾਰਟੀ ਉਮੀਦਵਾਰਾਂ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕੁਮਾਰੀ ਸ਼ੈਲਜਾ ਨੇ ਸ਼ੁੱਕਰਵਾਰ ਨੂੰ ਕਾਲਾਂਵਾਲੀ ਅਤੇ ਟੋਹਾਣਾ ਵਿਧਾਨ ਸਭਾ ਹਲਕਿਆਂ 'ਚ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵੀਰਵਾਰ ਸ਼ਾਮ ਹਿਸਾਰ 'ਚ ਚੋਣ ਪ੍ਰਚਾਰ ਕੀਤਾ। ਕੁਮਾਰੀ ਸ਼ੈਲਜਾ ਜੋ ਲਗਭਗ ਇਕ ਪੰਦਰਵਾੜੇ ਤੋਂ ਚੋਣ ਪ੍ਰਚਾਰ ਤੋਂ ਦੂਰ ਸੀ, ਵੀਰਵਾਰ ਨੂੰ ਕਰਨਾਲ ਜ਼ਿਲ੍ਹੇ 'ਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰੈਲੀ 'ਚ ਸ਼ਾਮਲ ਹੋਈ।

ਰੈਲੀ ਵਿਚ ਹਰਿਆਣਾ ਦੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਵੀ ਮੌਜੂਦ ਸਨ। ਅਜਿਹੀਆਂ ਖ਼ਬਰਾਂ ਸਨ ਕਿ ਚੋਣਾਂ 'ਚ ਟਿਕਟਾਂ ਦੀ ਵੰਡ 'ਚ ਹੁੱਡਾ ਧੜੇ ਨੂੰ ਤਰਜੀਹ ਦੇਣ ਅਤੇ ਫਿਰ ਇਕ ਕਾਂਗਰਸੀ ਵਰਕਰ ਵੱਲੋਂ ਕੁਮਾਰੀ ਸ਼ੈਲਜਾ ਬਾਰੇ ਜਾਤੀ ਟਿੱਪਣੀ ਤੋਂ ਬਾਅਦ ਉਹ ਨਾਰਾਜ਼ ਹੋ ਗਏ ਸਨ ਅਤੇ ਪਾਰਟੀ ਪ੍ਰਚਾਰ ਤੋਂ ਦੂਰ ਹੋ ਗਏ ਸਨ। ਇਸ ਤੋਂ ਪਹਿਲਾਂ ਉਸ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੀ ਹੈ ਅਤੇ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਵੀ ਹੈ। ਸੂਤਰਾਂ ਅਨੁਸਾਰ ਇਸ ਦੌਰਾਨ ਕਾਂਗਰਸ ਉਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਹੁੱਡਾ ਨੇ ਵੀ ਵਰਕਰ ਦੀ ਵਿਵਾਦਤ ਟਿੱਪਣੀ ਤੋਂ ਬਾਅਦ ਤੁਰੰਤ ਬਿਆਨ ਦੇ ਦਿੱਤਾ ਕਿ ਕੁਮਾਰੀ ਸ਼ੈਲਜਾ ਉਨ੍ਹਾਂ ਦੀ ਭੈਣ ਵਰਗੀ ਹੈ ਅਤੇ ਉਨ੍ਹਾਂ ਵਿਰੁੱਧ ਅਜਿਹੀ ਟਿੱਪਣੀ ਕਰਨ ਵਾਲੇ ਲਈ ਕਾਂਗਰਸ ਵਿਚ ਕੋਈ ਥਾਂ ਨਹੀਂ ਹੈ। 

ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਕੁਮਾਰੀ ਸ਼ੈਲਜਾ ਨੂੰ ਭਾਜਪਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਭਾਜਪਾ ਨੇ ਕਾਂਗਰਸ ਨੂੰ ਦਲਿਤਾਂ ਅਤੇ ਔਰਤਾਂ ਦੇ ਅਪਮਾਨ ਦਾ ਮੁੱਦਾ ਬਣਾ ਕੇ ਘੇਰਨ ਦੀ ਕੋਸ਼ਿਸ਼ ਕੀਤੀ। ਉਂਝ ਭਾਜਪਾ ਦੇ ਹਮਲਾਵਰ ਹੋਣ ਦਾ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੇ ‘ਡੈਮੇਜ ਕੰਟਰੋਲ’ ਸ਼ੁਰੂ ਕਰਕੇ ਦੋਵਾਂ ਪੱਖਾਂ ਨੂੰ ਮਨਾ ਲਿਆ। ਅਖ਼ੀਰ ਕੁਮਾਰੀ ਸ਼ੈਲਜਾ ਨੇ ਗਾਂਧੀ ਦੀ ਰੈਲੀ ਵਿਚ ਸ਼ਿਰਕਤ ਕੀਤਾ ਅਤੇ ਪ੍ਰਚਾਰ ਵਿਚ ਸਰਗਰਮ ਹੋ ਗਈ।


author

Tanu

Content Editor

Related News