ਵੋਟਿੰਗ ਦੌਰਾਨ ਚੱਲੇ ਚਾਕੂ, BJP ਸਮਰਥ ਬੁਰੀ ਤਰ੍ਹਾਂ ਹੋਇਆ ਜ਼ਖ਼ਮੀ
Saturday, Oct 05, 2024 - 05:14 PM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ ਚਾਰੇ ਸੀਟਾਂ 'ਤੇ 49.40 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਪਾਨੀਪਤ ਜ਼ਿਲ੍ਹੇ 'ਚ ਇਸਰਾਨਾ ਸੀਟ 'ਤੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਸਭ ਤੋਂ ਜ਼ਿਆਦਾ ਉਤਸ਼ਾਹ ਹੈ। ਇੱਥੇ ਦੁਪਹਿਰ 3 ਵਜੇ ਤੱਕ 51.50 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ ਹੈ।
ਉੱਥੇ ਹੀ ਖਬਰ ਆ ਰਹੀ ਹੈ ਕਿ ਪਾਨੀਪਤ 'ਚ ਵੋਟਿੰਗ ਦੌਰਾਨ ਚਾਕੂ ਚੱਲੇ ਹਨ। ਇਸਰਾਨਾ ਵਿਧਾਨ ਸਭਾ ਦੇ ਪਿੰਡ ਨੌਹਰਾ 'ਚ ਬੂਥ ’ਤੇ ਵੋਟਿੰਗ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਲੜਾਈ ਹੋ ਗਈ। ਇਸ 'ਚ ਇਕ ਨੌਜਵਾਨ ਨੂੰ ਚਾਕੂ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਪੋਲਿੰਗ ਸਟੇਸ਼ਨ 'ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਲੜਾਈ ਦੌਰਾਨ ਦੋ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਸਮਰਥਕ ਸੋਨੂੰ ਨਾਮ ਦੇ ਨੌਜਵਾਨ ਦੇ ਪੇਟ 'ਚ ਚਾਕੂ ਮਾਰਿਆ ਗਿਆ ਹੈ। ਸੋਨੂੰ ਦੇ ਹੱਥ 'ਤੇ ਵੀ ਸੱਟਾਂ ਲੱਗੀਆਂ ਹਨ। ਜ਼ਖਮੀ ਨੂੰ ਪਾਨੀਪਤ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਨੇ ਮੁੱਢਲੇ ਇਲਾਜ ਤੋਂ ਬਾਅਦ ਜ਼ਖਮੀ ਨੂੰ ਰੈਫਰ ਕਰ ਦਿੱਤਾ ਹੈ। ਹਸਪਤਾਲ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਡਰ ਦਾ ਮਾਹੌਲ ਹੈ। ਘਟਨਾ ਦਾ ਜਾਇਜ਼ਾ ਲੈਣ ਲਈ ਪੁਲਸ SP ਲੋਕੇਂਦਰ ਸਿੰਘ ਮੌਕੇ 'ਤੇ ਪਹੁੰਚ ਗਏ ਹਨ ਅਤੇ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।