ਆਫ਼ ਦਿ ਰਿਕਾਰਡ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣਾ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ

Friday, Feb 19, 2021 - 10:35 AM (IST)

ਆਫ਼ ਦਿ ਰਿਕਾਰਡ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣਾ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ

ਨਵੀਂ ਦਿੱਲੀ- ਪੁੱਡੂਚੇਰੀ ਦੀ ਉਪ ਰਾਜਪਾਲ ਦੇ ਅਹੁਦੇ ਤੋਂ ਕਿਰਨ ਬੇਦੀ ਨੂੰ ਅਚਾਨਕ ਹੀ ਨਹੀਂ ਹਟਾ ਦਿੱਤਾ ਗਿਆ। ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਉੱਚ ਅਹੁਦਿਆਂ ’ਤੇ ਵਿਰਾਜਮਾਨ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਦਾ ਇਹ ਕਦਮ ਅਚਨਚੇਤ ਨਹੀਂ ਸੀ। ਜਦ ਭਾਜਪਾ ਹਾਈਕਮਾਨ ਨੂੰ ਲੱਗਾ ਕਿ ਵਿਧਾਇਕਾਂ ਦੀ ਗਿਣਤੀ ਉਸ ਦੇ ਹੱਕ ’ਚ ਹੋ ਗਈ ਹੈ ਤਾਂ ਉਸ ਨੇ ਕਾਂਗਰਸ ਦੇ ਮੁੱਖ ਮੰਤਰੀ ਨਾਰਾਇਣਸਾਮੀ ਦੇ ਪੈਰਾਂ ਹੇਠੋਂ ਜ਼ਮੀਨ ਖਿੱਚਦੇ ਹੋਏ ਕਿਰਨ ਬੇਦੀ ਨੂੰ ਬੋਰੀਆ-ਬਿਸਤਰਾ ਬੰਨ੍ਹ ਕੇ ਤੋਰ ਦਿੱਤਾ। ਕਿਰਨ ਬੇਦੀ ਨੂੰ ਬਾਅਦ ’ਚ ਕੋਈ ਹੋਰ ਅਹੁਦਾ ਦੇ ਕੇ ਸੰਤੁਸ਼ਟ ਕੀਤਾ ਜਾ ਸਕਦਾ ਹੈ। ਸਰਕਾਰ ਨਹੀਂ ਚਾਹੁੰਦੀ ਸੀ ਕਿ ਕਿਰਨ ਬੇਦੀ ਅਹੁਦੇ ’ਤੇ ਰਹੇ, ਜਿਸ ਨਾਲ ਨਾਰਾਇਣਸਾਮੀ ਨੂੰ ਉਨ੍ਹਾਂ ਵਿਰੁੱਧ ਅੰਦੋਲਨ ਕਰਨ ਦਾ ਮੌਕਾ ਮਿਲੇ ਅਤੇ ਇਸ ਤਰ੍ਹਾਂ ਉਹ ਲੋਕਾਂ ਦੀ ਹਮਦਰਦੀ ਹਾਸਲ ਕਰ ਲੈਣ।

ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਹਟਾਇਆ

4 ਸਾਲਾਂ ਤੋਂ ਕਿਰਨ ਬੇਦੀ ਅਤੇ ਨਾਰਾਇਣਸਾਮੀ ਵਿਚਾਲੇ ਖਿੱਚੋਤਾਣ ਚੱਲ ਰਹੀ ਸੀ
ਪਿਛਲੇ 4 ਸਾਲਾਂ ਦੌਰਾਨ ਕਿਰਨ ਬੇਦੀ ਅਤੇ ਨਾਰਾਇਣਸਾਮੀ ਵਿਚਾਲੇ ਕਿਸੇ ਨਾ ਕਿਸੇ ਮੁੱਦੇ ’ਤੇ ਲਗਾਤਾਰ ਖਿੱਚੋਤਾਣ ਚੱਲਦੀ ਰਹੀ ਸੀ। ਨਾਰਾਇਣਸਾਮੀ ਦੀ ਸਰਕਾਰ ਡਿੱਗਣ ਦੇ ਕੰਢੇ ’ਤੇ ਹੈ ਅਤੇ ਕੇਂਦਰ ਨੇ ਉਨ੍ਹਾਂ ਤੋਂ ਇਕ ਮਹੱਤਵਪੂਰਨ ਚੋਣ ਮੁੱਦਾ ਖੋਹ ਲਿਆ ਹੈ। ਨਾਰਾਇਣਸਾਮੀ ਇਸ ਲੜਾਈ ਨੂੰ ਦੱਖਣ ਭਾਰਤ ਦੀ ਚੁਣੀ ਹੋਈ ਸਰਕਾਰ ਬਨਾਮ ਉੱਤਰ ਭਾਰਤ ਦੀ ਪੁਲਸ ਅਧਿਕਾਰੀ ’ਚ ਬਦਲਣਾ ਚਾਹੁੰਦੇ ਸਨ।

ਤਮਿਲਿਸਾਈ ਸੌਂਦਰਿਆਰਾਜਨ ਦੀ ਚੋਣ ਵੀ ਤੈਅ ਰਣਨੀਤੀ ਦਾ ਹਿੱਸਾ
ਕਿਰਨ ਬੇਦੀ ਦੀ ਜਾਨਸ਼ੀਨ ਦੇ ਰੂਪ ’ਚ ਤੇਲੰਗਾਨਾ ਦੀ ਰਾਜਪਾਲ ਤਮਿਲਿਸਾਈ ਸੌਂਦਰਿਆਰਾਜਨ ਦੀ ਚੋਣ ਵੀ ਤੈਅ ਰਣਨੀਤੀ ਦਾ ਹਿੱਸਾ ਹੈ। ਸੌਂਦਰਿਆਰਾਜਨ ਖੁਦ ਪੁੱਡੂਚੇਰੀ ਤੋਂ ਹਨ। ਇੰਨਾ ਹੀ ਨਹੀਂ, ਸੌਂਦਰਿਆਰਾਜਨ ਉਸੇ ਨਡਾਰ ਭਾਈਚਾਰੇ ਤੋਂ ਹਨ, ਜਿਸ ਤੋਂ ਮੁੱਖ ਮੰਤਰੀ ਨਾਰਾਇਣਸਾਮੀ ਹਨ। ਇਸ ਤਰ੍ਹਾਂ ਉਹ ਭਾਜਪਾ ਅਤੇ ਕੇਂਦਰ ਵਿਰੁੱਧ ਨਾਰਾਇਣਸਾਮੀ ਦੀ ਮੁਹਿੰਮ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਪੱਟੜੀ ਤੋਂ ਉਤਾਰ ਸਕਦੀ ਹੈ। ਉਹ ਤੇਲੰਗਾਨਾ ਦੀ ਰਾਜਪਾਲ ਦੇ ਰੂਪ ’ਚ ਆਪਣਾ ਕਾਰਜਭਾਰ ਜਾਰੀ ਰੱਖੇਗੀ।

ਇਹ ਵੀ ਪੜ੍ਹੋ : ਤਮਿਲਸਾਈ ਸੁੰਦਰਰਾਜਨ ਬਣੀ ਪੁਡੂਚੇਰੀ ਦੀ ਨਵੀਂ ਉੱਪ ਰਾਜਪਾਲ

ਕਾਂਗਰਸ ਨੂੰ ਲੱਗਾ ਝਟਕਾ
ਕਾਂਗਰਸ ਨੂੰ ਇਹ ਝਟਕਾ ਅਜਿਹੇ ਸਮੇਂ ਲੱਗਾ ਹੈ, ਜਦ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਖੁਦ ਪੁੱਡੂਚੇਰੀ ਦੇ ਮਾਮਲਿਆਂ ਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਖਾਸ ਆਦਮੀ ਦਿਨੇਸ਼ ਗੁੰਡੂਰਾਵ ਨੂੰ ਪੁੱਡੂਚੇਰੀ ਦਾ ਇੰਚਾਰਜ ਬਣਾਇਆ ਹੋਇਆ ਹੈ। ਪੁੱਡੂਚੇਰੀ ਨੂੰ ਲੈ ਕੇ ਰਾਹੁਲ ਪਿਛਲੇ 2 ਹਫਤਿਆਂ ਤੋਂ ਦਿੱਲੀ ’ਚ ਇਕ ਤੋਂ ਬਾਅਦ ਇਕ ਬੈਠਕ ਕਰ ਰਹੇ ਸਨ ਅਤੇ ਜਦ ਉਹ ਪੁੱਡੂਚੇਰੀ ’ਚ ਸਨ ਤਾਂ ਭਾਜਪਾ ਨੇ ਐਨ ਮੌਕੇ ’ਤੇ ਉਨ੍ਹਾਂ ਨੂੰ ਹੈਰਾਨ ਕਰਨ ਵਾਲਾ ਫੈਸਲਾ ਕੀਤਾ। ਮੋਦੀ-ਸ਼ਾਹ-ਨੱਢਾ ਦੀ ਤ੍ਰਿਮੂਰਤੀ ਨੇ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਅਤੇ ਕਰਨਾਟਕ ਤੋਂ ਰਾਜ ਸਭਾ ਦੇ ਮੈਂਬਰ ਰਾਜੀਵ ਚੰਦਰਸ਼ੇਖਰ ਨੂੰ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ ਨਾਲ ਜੁੜੇ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਨੂੰ ਬਹੁਤ ਉਮੀਦਾਂ ਹਨ ਕਿ ਇਹ ਦੋਵੇਂ ਨੇਤਾ ਭਾਜਪਾ ਨੂੰ ਦੂਰ ਦੱਖਣ ’ਚ ਦਾਖਲਾ ਦਿਵਾ ਸਕਦੇ ਹਨ।

ਨੋਟ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣ ਦੀ ਸ਼ਾਹ ਦੀ ਰਣਨੀਤੀ ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News