ਬੱਚਿਆਂ ਦੀ ਲਾਈਫਸਟਾਈਲ ''ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ ! ਨਹੀਂ ਤਾਂ ''ਦਿਲ''ਤੇ ਮੰਡਰਾ ਸਕਦੈ ਖ਼ਤਰਾ

Monday, Aug 31, 2026 - 10:24 AM (IST)

ਬੱਚਿਆਂ ਦੀ ਲਾਈਫਸਟਾਈਲ ''ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ ! ਨਹੀਂ ਤਾਂ ''ਦਿਲ''ਤੇ ਮੰਡਰਾ ਸਕਦੈ ਖ਼ਤਰਾ

ਵੈੱਬ ਡੈਸਕ- ਕਿਡਨੀ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਬੱਚਿਆਂ ਲਈ ਸਿਰਫ਼ ਦਵਾਈਆਂ ਹੀ ਕਾਫ਼ੀ ਨਹੀਂ ਹਨ। ਸਹੀ ਖਾਣ-ਪੀਣ, ਨਿਰੰਤਰ ਸਰੀਰਕ ਗਤੀਵਿਧੀ ਅਤੇ ਸਕ੍ਰੀਨ ਟਾਈਮ ਨੂੰ ਸੀਮਤ ਕਰਨਾ ਵੀ ਉਨ੍ਹਾਂ ਦੇ ਦਿਲ ਦੀ ਸਿਹਤ ਲਈ ਅਹਿਮ ਹੋ ਸਕਦਾ ਹੈ। ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਕਲਾਵਤੀ ਸਰਨ ਬਾਲ ਚਿਕਿਤਸਾਲਿਆ ਦੇ ਡਾਕਟਰਾਂ ਦੇ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਜੀਵਨ ਸ਼ੈਲੀ ’ਚ ਬਦਲਾਅ ਅਤੇ ਉੱਚਿਤ ਇਲਾਜ ਨਾਲ ਕਿਡਨੀ ਰੋਗ ਤੋਂ ਪੀੜਤ ਬੱਚਿਆਂ ’ਚ ਦਿਲ ਨਾਲ ਸਬੰਧਤ ਖ਼ਤਰੇ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ।

34 ਬੱਚਿਆਂ ’ਤੇ 12 ਹਫ਼ਤੇ ਚੱਲਿਆ ਅਧਿਐਨ

ਇਹ ਅਧਿਐਨ 4 ਤੋਂ 18 ਸਾਲ ਦੀ ਉਮਰ ਦੇ ਸਟੀਰੌਇਡ ਰੇਸਿਸਟੈਂਟ ਨੇਫ੍ਰੋਟਿਕ ਸਿੰਡ੍ਰੋਮ (ਐੱਸ. ਆਰ. ਐੱਨ. ਐੱਸ.) ਤੋਂ ਪੀੜਤ 34 ਬੱਚਿਆਂ ’ਤੇ 12 ਹਫ਼ਤਿਆਂ ਤੱਕ ਕੀਤਾ ਗਿਆ। ਇਸ ਬੀਮਾਰੀ ’ਚ ਕਿਡਨੀ ਸਰੀਰ ਲਈ ਜ਼ਰੂਰੀ ਪ੍ਰੋਟੀਨ ਨੂੰ ਪਿਸ਼ਾਬ ਦੇ ਰਸਤੇ ਬਾਹਰ ਕੱਢਣ ਲੱਗਦੀ ਹੈ। ਇਸ ਦੇ ਚੱਲਦਿਆਂ ਕੁਝ ਬੱਚਿਆਂ ’ਚ ਕੋਲੈਸਟ੍ਰੋਲ ਦਾ ਪੱਧਰ ਲਗਾਤਾਰ ਵਧਿਆ ਰਹਿ ਸਕਦਾ ਹੈ। ਬਾਲ ਰੋਗ ਵਿਭਾਗ ਦੀ ਡਾ. ਵੰਸ਼ਿਕਾ ਕੱਕੜ ਅਨੁਸਾਰ ਲੰਬੇ ਸਮੇਂ ਤੱਕ ਵਧਿਆ ਹੋਇਆ ਕੋਲੈਸਟ੍ਰੋਲ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅੱਗੇ ਚੱਲ ਕੇ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ।

ਖੁਰਾਕ ’ਚ ਘਟਾਈ ਚਰਬੀ ਅਤੇ ਕੋਲੈਸਟ੍ਰੋਲ

ਅਧਿਐਨ ਦੌਰਾਨ ਬੱਚਿਆਂ ਦੇ ਖਾਣ-ਪੀਣ ’ਚ ਬਦਲਾਅ ਕੀਤਾ ਗਿਆ। ਉਨ੍ਹਾਂ ਦੀ ਖੁਰਾਕ ’ਚ ਚਰਬੀ ਅਤੇ ਕੋਲੈਸਟ੍ਰੋਲ ਦੀ ਮਾਤਰਾ ਘੱਟ ਕੀਤੀ ਗਈ। ਇਸ ਦੇ ਨਾਲ ਹੀ ਰੋਜ਼ਾਨਾ ਸਕ੍ਰੀਨ ਟਾਈਮ 2 ਘੰਟਿਆਂ ਤੋਂ ਘੱਟ ਰੱਖਣ ਅਤੇ ਘੱਟੋ-ਘੱਟ ਇਕ ਘੰਟਾ ਖੇਡ ਕੁੱਦ ਜਾਂ ਸਰੀਰਕ ਗਤੀਵਿਧੀ ਕਰਨ ਦੀ ਸਲਾਹ ਦਿੱਤੀ ਗਈ। ਡਾਕਟਰਾਂ ਮੁਤਾਬਕ ਬੱਚਿਆਂ ਦੀ ਉਮਰ ਅਤੇ ਸਿਹਤ ਦੀ ਸਥਿਤੀ ਅਨੁਸਾਰ ਖਾਣ-ਪੀਣ ’ਚ ਸੰਤੁਲਨ ਬਣਾਉਣਾ ਜ਼ਰੂਰੀ ਹੈ। ਮਾਤਾ-ਪਿਤਾ ਨੂੰ ਬਿਨਾਂ ਮਾਹਿਰ ਦੀ ਸਲਾਹ ਦੇ ਕਿਸੇ ਖਾਧ ਪਦਾਰਥ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਡਾਕਟਰ ਜਾਂ ਡਾਇਟੀਸ਼ੀਅਨ ਦੀ ਮਦਦ ਨਾਲ ਖੁਰਾਕ ਯੋਜਨਾ ਤਿਆਰ ਕਰਨੀ ਚਾਹੀਦੀ ਹੈ।

12 ਹਫ਼ਤਿਆਂ ’ਚ ਕੋਲੈਸਟ੍ਰੋਲ ’ਚ ਆਇਆ ਸੁਧਾਰ

ਜਿਨ੍ਹਾਂ ਬੱਚਿਆਂ ’ਚ ਖਰਾਬ ਕੋਲੈਸਟ੍ਰੋਲ ਭਾਵ ਐੱਲ.ਡੀ.ਐੱਲ. ਦਾ ਪੱਧਰ 160 ਮਿਲੀਗ੍ਰਾਮ ਪ੍ਰਤੀ ਡੈਸੀਲੀਟਰ ਤੋਂ ਵੱਧ ਸੀ, ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਐਟੋਰਵਾਸਟੇਟਿਨ ਦਿੱਤੀ ਗਈ। ਬਾਲ ਰੋਗ ਵਿਭਾਗ ਦੇ ਡਾ. ਅਭਿਜੀਤ ਸਾਹਾ ਨੇ ਦੱਸਿਆ ਕਿ 12 ਹਫ਼ਤਿਆਂ ਦੇ ਇਲਾਜ ਅਤੇ ਜੀਵਨ ਸ਼ੈਲੀ ’ਚ ਬਦਲਾਅ ਤੋਂ ਬਾਅਦ ਬੱਚਿਆਂ ਦੇ ਕੁੱਲ ਕੋਲੈਸਟ੍ਰੋਲ, ਐੱਲ. ਡੀ. ਐੱਲ. ਅਤੇ ਟ੍ਰਾਈਗਲਿਸਰਾਈਡਸ ਦੇ ਪੱਧਰ ’ਚ ਕਮੀ ਦਰਜ ਕੀਤੀ ਗਈ।

ਅਧਿਐਨ ’ਚ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਣ ਨਾਲ ਜੁੜੇ ਕੁਝ ਸੰਕੇਤਕਾਂ ’ਚ ਵੀ ਸੁਧਾਰ ਦੇਖਿਆ ਗਿਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਦਵਾਈ ਦੇ ਨਾਲ ਜੀਵਨ ਸ਼ੈਲੀ ’ਚ ਬਦਲਾਅ ਬੱਚਿਆਂ ਦੇ ਦਿਲ ਨਾਲ ਸਬੰਧਤ ਖ਼ਤਰੇ ਨੂੰ ਕੰਟਰੋਲ ਕਰਨ ’ਚ ਮਦਦ ਕਰ ਸਕਦਾ ਹੈ। ਅਧਿਐਨ ਦੀ ਸ਼ੁਰੂਆਤ ’ਚ ਲਗਭਗ 41 ਫੀਸਦੀ ਬੱਚਿਆਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਪਾਇਆ ਗਿਆ ਸੀ। 12 ਹਫ਼ਤਿਆਂ ਤੱਕ ਇਲਾਜ ਅਤੇ ਜੀਵਨ ਸ਼ੈਲੀ ’ਚ ਬਦਲਾਅ ਤੋਂ ਬਾਅਦ ਬਲੱਡ ਪ੍ਰੈਸ਼ਰ ’ਚ ਵੀ ਸੁਧਾਰ ਦਰਜ ਕੀਤਾ ਗਿਆ।

ਦਵਾਈ ਨਾਲ ਸਿਹਤਮੰਦ ਜੀਵਨ ਸ਼ੈਲੀ ਵੀ ਜ਼ਰੂਰੀ

ਸੁਚੇਤਾ ਕ੍ਰਿਪਲਾਨੀ ਹਸਪਤਾਲ ਦੀ ਪੈਥੋਲੋਜੀ ਵਿਭਾਗ ਦੀ ਡਾ. ਸੁਨੀਤਾ ਸ਼ਰਮਾ ਨੇ ਕਿਹਾ ਕਿ ਐੱਸ. ਆਰ. ਐੱਨ. ਐੱਸ. ਤੋਂ ਪੀੜਤ ਬੱਚਿਆਂ ਦੇ ਇਲਾਜ ’ਚ ਸਿਰਫ ਦਵਾਈਆਂ ’ਤੇ ਨਿਰਭਰ ਰਹਿਣਾ ਕਾਫ਼ੀ ਨਹੀਂ ਹੈ। ਭੋਜਨ ਦੀ ਨਿਯਮਿਤ ਨਿਗਰਾਨੀ ਦੇ ਨਾਲ ਬੱਚਿਆਂ ਦੀ ਸਰੀਰਕ ਗਤੀਵਿਧੀ, ਵਜ਼ਨ ਅਤੇ ਬਲੱਡ ਪ੍ਰੈਸ਼ਰ ’ਤੇ ਵੀ ਨਜ਼ਰ ਰੱਖਣਾ ਜ਼ਰੂਰੀ ਹੈ। 

ਉਨ੍ਹਾਂ ਦੱਸਿਆ ਕਿ ਅਧਿਐਨ ’ਚ ਐਟੋਰਵਾਸਟੇਟਿਨ ਬੱਚਿਆਂ ’ਚ ਸੁਰੱਖਿਅਤ ਪਾਈ ਗਈ ਅਤੇ ਕੋਈ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ। ਹਾਲਾਂਕਿ, ਬੱਚਿਆਂ ਨੂੰ ਇਹ ਦਵਾਈ ਸਿਰਫ ਡਾਕਟਰ ਦੀ ਨਿਗਰਾਨੀ ਹੇਠ ਹੀ ਦਿੱਤੀ ਜਾਣੀ ਚਾਹੀਦੀ ਹੈ। ਮਾਤਾ-ਪਿਤਾ ਨੂੰ ਬੱਚਿਆਂ ਨੂੰ ਮੋਬਾਈਲ ਅਤੇ ਟੀ. ਵੀ. ਤੋਂ ਦੂਰ ਰੱਖ ਕੇ ਖੇਡਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News