‘ਕੇਜਰੀਵਾਲ ਸਰਕਾਰ ਦਾ ਸਿੱਖਿਆ ਦਾ ਕੋਈ ਮਾਡਲ ਨਹੀਂ, ਇਹ ‘ਫਰਾਡ ਅਤੇ ਮਾਡਲਿੰਗ’ ਦਾ ਮਾਡਲ’
Saturday, Sep 24, 2022 - 06:27 PM (IST)

ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਦੇ ਜਿਸ ਮਾਡਲ ਦਾ ਪ੍ਰਚਾਰ ਕਰਦੀ ਹੈ, ਉਹ ਅਸਲ ’ਚ ਇਕ ਫਰਾਡ ਅਤੇ ਮਾਡਲਿੰਗ ਦਾ ਮਾਡਲ ਹੈ। ਪਾਰਟੀ ਬੁਲਾਰੇ ਸੰਦੀਪ ਦੀਕਸ਼ਿਤ ਨੇ ਕੁਝ ਅੰਕੜੇ ਪੇਸ਼ ਕਰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਜੇਕਰ ਕੇਜਰੀਵਾਲ ਦੇ ਸਿੱਖਿਆ ਦੇ ਮਾਡਲ ਨੂੰ ਦੂਜਿਆਂ ਸੂਬਿਆਂ ’ਚ ਅਪਣਾ ਲਿਆ ਗਿਆ ਤਾਂ ਪੂਰੀ ਸਿੱਖਿਆ ਵਿਵਸਥਾ ਬਰਬਾਦ ਹੋ ਜਾਵੇਗੀ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿੱਖਿਆ ਮਾਡਲ ਨੂੰ ਬੇਨਕਾਬ ਕਰਨਾ, ਇਸ ਲਈ ਮਹੱਤਵਪੂਰਨ ਹੈ ਕਿ ਕਿਤੇ ਦੂਜੇ ਸੂਬਿਆਂ ’ਚ ਚੱਲ ਰਹੀ ਸਿੱਖਿਆ ਵਿਵਸਥਾ ਇਨ੍ਹਾਂ ਦੇ ਝਾਂਸੇ ’ਚ ਆ ਕੇ ਬਰਬਾਦ ਨਾ ਹੋ ਜਾਵੇ। ਇਹ ਕੋਈ ਸਿੱਖਿਆ ਦਾ ਮਾਡਲ ਨਹੀਂ ਹੈ, ਸਗੋਂ ਇਹ ਫਰਾਡ ਦਾ ਮਾਡਲ ਹੈ, ਮਾਡਲਿੰਗ ਦਾ ਮਾਡਲ ਹੈ। ਦੀਕਸ਼ਿਤ ਮੁਤਾਬਕ 1998 ’ਚ ਜਦੋਂ ਦਿੱਲੀ ’ਚ ਕਾਂਗਰਸ ਦੀ ਸਰਕਾਰ ਬਣੀ ਤਾਂ ਸਰਕਾਰੀ ਸਕੂਲਾਂ ’ਚ 12ਵੀਂ ਜਮਾਤ ਦੇ 64 ਫ਼ੀਸਦੀ ਬੱਚੇ ਪਾਸ ਹੋਏ ਸਨ। ਸਾਲ 2013-14 ’ਚ ਜਦੋਂ ਕਾਂਗਰਸ ਸੱਤਾ ਤੋਂ ਬਾਹਰ ਹੋਈ ਤਾਂ 89 ਫ਼ੀਸਦੀ ਬੱਚੇ ਪਾਸ ਹੋਏ।
ਯਾਨੀ ਕਿ ਸ਼ੀਲਾ ਦੀਕਸ਼ਿਤ ਦੀ 15 ਸਾਲ ਦੀ ਸਰਕਾਰ ’ਚ 25 ਫ਼ੀਸਦੀ ਨਤੀਜੇ ਵਧੇ, ਜਦਕਿ ਕੇਜਰੀਵਾਲ ਸਰਕਾਰ ਦੇ 8 ਸਾਲਾਂ ’ਚ ਸਿਰਫ਼ 7 ਫ਼ੀਸਦੀ ਨਤੀਜੇ ਵਧੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੀਲਾ ਦੀਕਸ਼ਿਤ ਜੀ ਦੀ ਸਰਕਾਰ ’ਚ 10ਵੀਂ ਜਮਾਤ ਦੇ ਨਤੀਜੇ 34 ਫ਼ੀਸਦੀ ਵਧ ਕੇ 90 ਫ਼ੀਸਦੀ ਹੋ ਗਏ। ਕੇਜਰੀਵਾਲ ਸਰਕਾਰ ’ਚ 80 ਫ਼ੀਸਦੀ ਬੱਚੇ ਮੁਸ਼ਕਲ ਨਾਲ ਪਾਸ ਹੋ ਰਹੇ ਹਨ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਸਰਕਾਰ ਨੇ ਦਿੱਲੀ ’ਚ 150 ਸਕੂਲ ਬਣਾਏ, ਜਦਕਿ ਕੇਜਰੀਵਾਲ ਸਰਕਾਰ ਨੇ ਮੁਸ਼ਕਲ ਨਾਲ 20 ਸਕੂਲ ਬਣਵਾਏ। ਕੁਝ ਕਮਰੇ ਠੀਕ ਕਰਵਾ ਦਿੱਤੇ, ਤਾਂ ਉਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਸੰਦੀਪ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਅਤੇ ਸ਼ੀਲਾ ਦੀਕਸ਼ਿਤ ਨੇ ਕਦੇ ਆਪਣੇ ਕੰਮ ਦਾ ਢਿੰਢੋਰਾ ਨਹੀਂ ਪਾਇਆ, ਵਿਦੇਸ਼ੀ ਅਖ਼ਬਾਰਾਂ ’ਚ ਲੇਖ ਨਹੀਂ ਲਿਖਵਾਏ। ਕਾਂਗਰਸ ਦੀ ਸਰਕਾਰ ਨੇ ਸਿਰਫ਼ ਦਿੱਲੀ ਦੇ ਵਿਕਾਸ ’ਤੇ ਧਿਆਨ ਦਿੱਤਾ। ਸਾਬਕਾ ਮੁੱਖ ਮੰਤਰੀ ਸ਼ੀਲਾ ਦੇ ਪੁੱਤਰ ਸੰਦੀਪ ਦੀਕਸ਼ਿਤ ਨੇ ਇਹ ਵੀ ਕਿਹਾ ਕਿ ਆਰ. ਟੀ. ਆਈ. ’ਚ ਪੁੱਛਿਆ ਗਿਆ ਕਿ ‘ਆਪ’ ਸਰਕਾਰ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਤਾਂ ਉਸ ਦੇ ਜਵਾਬ ’ਚ ਦੱਸਿਆ ਗਿਆ ਸਿਰਫ਼ 440 ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਇੰਨੀ ਨਿਕੰਮੀ ਸਰਕਾਰ ਹਿੰਦੁਸਤਾਨ ਦੇ ਇਤਿਹਾਸ ’ਚ ਕਿਤੇ ਵੀ ਨਹੀਂ ਰਹੀ।