ਕੇਜਰੀਵਾਲ ਨੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ, RSS ਤੋਂ ਪੁੱਛੇ 5 ਸਵਾਲ
Sunday, Sep 22, 2024 - 02:30 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ RSS ਨੂੰ ਪੁੱਛਿਆ ਕਿ ਕੀ ਉਹ ਕੇਂਦਰੀ ਏਜੰਸੀਆਂ ਦੀ ਵਰਤੋਂ ਸਿਆਸੀ ਪਾਰਟੀਆਂ ਨੂੰ ਤੋੜਨ, ਵਿਰੋਧੀ ਸਰਕਾਰਾਂ ਨੂੰ ਡੇਗਣ ਅਤੇ 'ਭ੍ਰਿਸ਼ਟ' ਨੇਤਾਵਾਂ ਨੂੰ ਆਪਣੇ ਪਾਲੇ ਵਿਚ ਕਰਨ ਦੀ ਭਾਜਪਾ ਦੀ ਸਿਆਸਤ ਤੋਂ ਸਹਿਮਤ ਹੈ?
ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜੰਤਰ-ਮੰਤਰ ਵਿਖੇ ਆਪਣੀ ਪਹਿਲੀ ਜਨਤਕ ਰੈਲੀ 'ਜਨਤਾ ਦੀ ਅਦਾਲਤ' ਵਿਚ ਕੇਜਰੀਵਾਲ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੂੰ ਪੰਜ ਸਵਾਲ ਪੁੱਛੇ, ਜਿਨ੍ਹਾਂ 'ਚੋਂ ਇਕ ਸਵਾਲ ਇਹ ਵੀ ਸੀ ਕਿ ਕੀ ਸੇਵਾਮੁਕਤ ਦੀ ਉਮਰ ਨਾਲ ਸਬੰਧਤ ਭਾਜਪਾ ਦਾ ਨਿਯਮ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਲਾਗੂ ਹੁੰਦਾ ਹੈ, ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ 'ਤੇ ਲਾਗੂ ਹੋਇਆ ਸੀ। ਉਨ੍ਹਾਂ ਨੇ ਭਾਗਵਤ ਨੂੰ ਪੁੱਛਿਆ ਕਿ ਕੀ ਉਹ ਭਾਜਪਾ ਦੀ ਸਿਆਸੀ ਨੇਤਾਵਾਂ ਨੂੰ 'ਭ੍ਰਿਸ਼ਟ' ਕਹਿਣ ਅਤੇ ਫਿਰ ਉਨ੍ਹਾਂ ਨੂੰ ਆਪਣੇ ਪਾਲੇ 'ਚ ਸ਼ਾਮਲ ਕਰਨ ਦੀ ਸਿਆਸਤ ਨਾਲ ਸਹਿਮਤ ਹਨ। ਕੇਜਰੀਵਾਲ ਨੇ ਇਕ ਹੋਰ ਸਵਾਲ ਵਿਚ ਭਾਗਵਤ ਤੋਂ ਪੁੱਛਿਆ ਕਿ ਜਦੋਂ ਭਾਜਪਾ ਮੁਖੀ ਜੇ. ਪੀ. ਨੱਢਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਆਪਣੇ ਵਿਚਾਰਕ ਮਾਰਗਦਰਸ਼ਕ RSS ਦੀ ਜ਼ਰੂਰਤ ਨਹੀਂ ਹੈ ਤਾਂ ਉਨ੍ਹਾਂ ਨੂੰ ਕਿਵੇਂ ਦਾ ਲੱਗਾ?
ਦੱਸਣਯੋਗ ਹੈ ਕਿ ਆਬਕਾਰੀ ਨੀਤੀ ਮਾਮਲੇ ਵਿਚ 5 ਮਹੀਨੇ ਤੋਂ ਵੱਧ ਸਮੇਂ ਤੱਕ ਜੇਲ੍ਹ ਵਿਚ ਰਹਿਣ ਮਗਰੋਂ 13 ਸਤੰਬਰ ਨੂੰ ਤਿਹਾੜ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨ ਲਈ ਸਿਆਸਤ ਵਿਚ ਆਏ ਹਨ, ਨਾ ਕਿ ਕਿਸੇ ਸੱਤਾ ਜਾਂ ਅਹੁਦੇ ਦੇ ਲਾਲਚ ਵਿਚ।