ਕਸ਼ਮੀਰ-ਹਿਮਾਚਲ ''ਚ ਬਰਫਬਾਰੀ, ਪੰਜਾਬ-ਹਰਿਆਣਾ ''ਚ ਮੀਂਹ
Tuesday, Mar 12, 2019 - 02:15 AM (IST)

ਬਨਿਹਾਲ/ ਜੰਮੂ/ਚੰਡੀਗੜ੍ਹ, (ਏਜੰਸੀਆਂ)– ਪੰਜਾਬ ਅਤੇ ਹਰਿਆਣਾ ਵਿਚ ਰਾਤ ਨੂੰ ਬੱਦਲ ਛਾਏ ਰਹੇ ਅਤੇ ਅੱਜ ਦਿਨ ਵਿਚ ਰੁਕ-ਰੁਕ ਕੇ ਬੂੰਦਾਬਾਂਦੀ ਜਾਂ ਹਲਕਾ ਮੀਂਹ ਪਿਆ। ਉਥੇ ਹੀ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਦੇ ਨਾਲ-ਨਾਲ ਮੀਂਹ ਵੀ ਪਿਆ, ਜਿਸ ਨਾਲ ਠੰਡ ਨੇ ਜ਼ੋਰ ਫੜ ਲਿਆ। ਹਿਮਾਚਲ ਦੇ ਰੋਹਤਾਂਗ ਵਿਚ ਲਗਭਗ ਇਕ ਫੁੱਟ ਅਤੇ ਮਨਾਲੀ ਵਿਚ ਲਗਭਗ 4 ਇੰਚ ਬਰਫਬਾਰੀ ਦਰਜ ਕੀਤੀ ਗਈ। ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਵਿਚ ਪੰਜਾਬ ਅਤੇ ਹਰਿਆਣਾ ਦੇ ਕੁਝ ਸਥਾਨਾਂ 'ਤੇ ਬੂੰਦਾਬਾਂਦੀ ਹੋਣ ਅਤੇ ਕਿਤੇ-ਕਿਤੇ ਹਲਕਾ ਮੀਂਹ ਅਤੇ ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਤੇ ਬਰਫਬਾਰੀ ਅਤੇ ਹੇਠਲੇ ਇਲਾਕਿਆਂ ਵਿਚ ਮੀਂਹ ਦੀ ਸੰਭਾਵਨਾ ਹੈ।
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਵਿਚ ਸੋਮਵਾਰ ਨੂੰ ਜ਼ਮੀਨ ਖਿਸਕਣ ਨਾਲ ਜੰਮੂ-ਸ਼੍ਰੀਨਗਰ ਹਾਈਵੇ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ। ਸੂਬੇ ਵਿਚ ਉਚਾਈ ਵਾਲੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ, ਜਦਕਿ ਜ਼ਮੀਨ ਖਿਸਕਣ ਨਾਲ ਰਣਨੀਤਕ ਰੂਪ ਵਿਚ ਮਹੱਤਵਪੂਰਨ 270 ਕਿਲੋਮੀਟਰ ਲੰਬੇ ਹਾਈਵੇ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ। ਇਹ ਹਾਈਵੇ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇਕਮਾਤਰ ਜ਼ਰੀਆ ਹੈ।