ਕਰਨਾਲ ’ਚ ਲਾਠੀਚਾਰਜ ਮਗਰੋਂ ਰੋਹ ’ਚ ਆਏ ਕਿਸਾਨਾਂ ਨੇ ਜਾਮ ਕੀਤੇ ਕਈ ਹਾਈਵੇਅ
Saturday, Aug 28, 2021 - 03:38 PM (IST)
ਕਰਨਾਲ— ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ’ਚ ਕਾਫੀ ਰੋਹ ਹੈ। ਇਸ ਨੂੰ ਲੈ ਕੇ ਪੂਰੇ ਹਰਿਆਣਾ ਵਿਚ ਹਾਈਵੇਅ ਜਾਮ ਕੀਤੇ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਦੀ ਅਗਵਾਈ ’ਚ ਜਾਮ ਲਾਇਆ ਗਿਆ। ਦੇਖਦੇ ਹੀ ਦੇਖਦੇ ਹਾਈਵੇਅ ’ਤੇ ਕਾਫੀ ਲੰਬਾ ਜਾਮ ਲੱਗ ਗਿਆ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਹਨ। ਜਾਮ ਨੂੰ ਦੇਖਦੇ ਹੋਏ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਸ਼ਾਮ 5 ਵਜੇ ਤੱਕ ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ
ਦਰਅਸਲ ਅੱਜ ਕਰਨਾਲ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਭਾਜਪਾ ਆਗੂਆਂ ਦਾ ਪ੍ਰੋਗਰਾਮ ਸੀ। ਜਿਸ ਤਰੀਕੇ ਨਾਲ ਕਿਸਾਨਾਂ ਵਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਉਹ ਭਾਜਪਾ ਅਤੇ ਜੇ. ਜੇ. ਪੀ. ਦਾ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵਿਰੋਧ ਕਰਦੇ ਰਹਿਣਗੇ। ਅੱਜ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਵੀ ਕਿਸਾਨ ਇਕੱਠੇ ਹੋਏ ਸਨ। ਉਨ੍ਹਾਂ ਉੱਪਰ ਡੰਡੇ ਵਰ੍ਹਾਏ ਗਏ ਹਨ, ਜਿਸ ਨੂੰ ਲੈ ਕੇ ਕਿਸਾਨਾਂ ਵਿਚ ਰੋਹ ਹੈ। ਇਸ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਸਾਨਾਂ ਨੂੰ ਸੜਕਾਂ ਜਾਮ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਕਿਸਾਨਾਂ ’ਤੇ ਲਾਠੀਚਾਰਜ ਮਗਰੋਂ ਚਢੂਨੀ ਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਅਪੀਲ, ਟੋਲ ਪਲਾਜ਼ਾ ਤੇ ਰੋਡ ਕਰ ਦਿਓ
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਇਸ ਦੇ ਵਿਰੋਧ ’ਚ ਜਾਮ ਲਾਇਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਕੀ ਸਾਨੂੰ ਆਪਣਾ ਵਿਰੋਧ ਕਰਨ ਦਾ ਵੀ ਹੱਕ ਨਹੀਂ ਹੈ? ਅਸੀਂ ਇਸ ਲਾਠੀਚਾਰਜ ਦੀ ਨਿੰਦਾ ਕਰਦੇ ਹਾਂ।
ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਦਾ ਵਧਿਆ ਰੋਹ, ਜਾਮ ਕੀਤੇ ਹਾਈਵੇਅ-
ਪਟਿਆਲਾ-ਦਿੱਲੀ ਨੈਸ਼ਨਲ ਹਾਈਵੇਅ ਨੂੰ ਕਿਸਾਨਾਂ ਵਲੋਂ ਜਾਮ ਕੀਤਾ ਗਿਆ।
ਕਿਸਾਨਾਂ ਨੇ ਰੋਹਤਕ, ਪਾਨੀਪਤ ਰੋਡ ’ਤੇ ਮਕਡੌਲੀ ਟੋਲ ਪਲਾਜ਼ਾ ’ਤੇ ਜਾਮ ਲਾਇਆ ਹੈ।
ਬਾਦਲੀ ਢਾਸਾ ਬਾਰਡਰ ’ਤੇ ਕਿਸਾਨਾਂ ਨੇ ਜਾਮ ਲਾਇਆ, ਜਿਸ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
ਗੁਲੀਆ ਤੀਸਾ ਖਾਪ ਵਲੋਂ ਢਾਸਾ ਬਾਰਡਰ ’ਤੇ ਕਿਸਾਨਾਂ ਨੇੇ ਜਾਮ ਲਾਇਆ ਗਿਆ।
ਚੰਡੀਗੜ੍ਹ-ਹਿਸਾਰ ਹਾਈਵੇਅ ’ਤੇ ਸਥਿਤ ਥਾਣਾ ਟੋਲ ਪਲਾਜ਼ਾ ’ਤੇ ਜਾਮ ਲਾਇਆ।
ਸ਼ੰਭੂ ਬੈਰੀਅਰ ’ਤੇ ਰੋਹ ’ਚ ਆਏ ਕਿਸਾਨਾਂ ਨੇ ਜਾਮ ਲਾਇਆ।
ਸ਼ਾਹਬਾਦ ’ਚ ਨੈਸ਼ਨਲ ਹਾਈਵੇਅ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਪੁਲਸ ਦੀ ਇਸ ਬੇਰਹਿਮ ਕਾਰਵਾਈ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ। ਉਨ੍ਹਾਂ ਸਰਕਾਰ ਅਤੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਾਰੇ ਬਾਰਡਰ ਬੰਦ ਕਰ ਦੇਣਗੇ। ਪੂਰੇ ਦੇਸ਼ ’ਚ ਕਿਸਾਨ, ਸਰਕਾਰ ਵਿਰੁੱਧ ਖੜ੍ਹੇ ਹੋਣਗੇ।