ਕੰਗਨਾ ਰਣੌਤ ''ਤੇ ਭੜਕੇ ਅਭੈ ਚੌਟਾਲਾ, ਕਿਹਾ- ਕਿਸਾਨਾਂ ਬਾਰੇ ਮਰਿਆਦਾ ''ਚ ਰਹਿ ਕੇ ਦਿਓ ਬਿਆਨ
Tuesday, Aug 27, 2024 - 12:45 PM (IST)
ਸਿਰਸਾ- ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵਲੋਂ ਕਿਸਾਨਾਂ ਨੂੰ ਬਲਾਤਕਾਰੀ ਕਹਿਣ ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਇਕ ਔਰਤ ਹੈ, ਇਸ ਲਈ ਉਹ ਉਸ ਬਾਰੇ ਜ਼ਿਆਦਾ ਬੋਲਣਾ ਨਹੀਂ ਚਾਹੁੰਦੇ ਪਰ ਇਕ ਔਰਤ ਨੂੰ ਮਰਿਆਦਾ 'ਚ ਰਹਿਣਾ ਚਾਹੀਦਾ ਹੈ। ਕਿਸਾਨ ਬਲਾਤਕਾਰੀ ਨਹੀਂ ਸਗੋਂ ਕਿਸਾਨ ਦੇਸ਼ ਦਾ ਅੰਨਦਾਤਾ ਹੈ।
ਇਸ ਦੇ ਨਾਲ ਹੀ ਅਭੈ ਚੌਟਾਲਾ ਨੇ ਭਾਜਪਾ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਹੀ ਕਿਸਾਨ ਵਿਰੋਧੀ ਰਹੀ ਹੈ। ਜੇਕਰ ਭਾਜਪਾ ਕਿਸਾਨਾਂ ਦੀ ਹਿਤੈਸ਼ੀ ਹੁੰਦੀ ਹੈ ਤਾਂ ਕੰਗਨਾ ਦੀ ਹਿੰਮਤ ਨਹੀਂ ਸੀ ਕਿ ਇਸ ਤਰ੍ਹਾਂ ਦਾ ਬਿਆਨ ਕਿਸਾਨਾਂ ਬਾਰੇ ਦੇ ਸਕੇ। ਅਭੈ ਨੇ ਕਿਹਾ ਕਿ ਕਿਸੇ ਨੂੰ ਵੀ ਗੰਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਦੱਸਣਯੋਗ ਹੈ ਕਿ ਕੰਗਨਾ ਨੇ ਦੋਸ਼ ਲਾਇਆ ਸੀ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦੌਰਾਨ ਲਾਸ਼ਾਂ ਲਟਕਦੀਆਂ ਵੇਖੀਆਂ ਗਈਆਂ ਅਤੇ ਬਲਾਤਕਾਰ ਹੁੰਦੇ ਸਨ।
ਕੰਗਨਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਮਗਰੋਂ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਹਿਣ ਲਈ ਸਵਾਰਥੀ ਹਿੱਤਾਂ ਅਤੇ ਵਿਦੇਸ਼ੀ ਸ਼ਕਤੀਆਂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿਚ ਜੋ ਹੋਇਆ, ਉਹ ਇੱਥੇ ਵੀ ਆਸਾਨੀ ਨਾਲ ਹੋ ਸਕਦਾ ਸੀ। ਵਿਦੇਸ਼ੀ ਤਾਕਤਾਂ ਵਲੋਂ ਸਾਜ਼ਿਸ਼ ਰਚੀ ਜਾ ਰਹੀ ਹੈ। ਕੰਗਨਾ ਦੀ ਟਿੱਪਣੀ ਭਾਜਪਾ ਲਈ ਅਜਿਹੇ ਸਮੇਂ ਆਈ ਹੈ, ਜਦੋਂ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਕੁਝ ਹੀ ਹਫ਼ਤੇ ਦੂਰ ਹਨ। ਕੰਗਨਾ ਦੀ ਟਿੱਪਣੀ ਨਾਲ ਭਾਜਪਾ ਖਿਲਾਫ਼ ਕਿਸਾਨਾਂ ਦਾ ਗੁੱਸਾ ਹੋਰ ਭੜਕ ਸਕਦਾ ਹੈ, ਜਿਸ ਨਾਲ ਖੇਤੀ ਕੇਂਦਰਿਤ ਖੇਤਰਾਂ ਵਿਚ ਪਾਰਟੀ ਦੀ ਚੋਣਾਵੀ ਸੰਭਾਵਨਾਵਾਂ 'ਤੇ ਅਸਰ ਪੈ ਸਕਦਾ ਹੈ।