ਸਿਰੇ ਚੜ੍ਹਿਆ AAP ਤੇ JJP ਦਾ ਗਠਜੋੜ, ਇੰਝ ਹੋਇਆ ਸੀਟਾਂ ਦਾ ਸਮਝੌਤਾ
Friday, Apr 12, 2019 - 03:50 PM (IST)

ਨਵੀਂ ਦਿੱਲੀ/ਹਰਿਆਣਾ— ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਅਤੇ ਆਮ ਆਦਮੀ ਪਾਰਟੀ (ਆਪ) ਦਰਮਿਆਨ ਗਠਜੋੜ ਹੋ ਗਿਆ ਹੈ। ਸ਼ੁੱਕਰਵਾਰ ਨੂੰ ਦੋਹਾਂ ਪਾਰਟੀਆਂ ਨੇ ਮਿਲ ਕੇ ਇਸ ਦਾ ਐਲਾਨ ਕੀਤਾ। ਜੇ.ਜੇ.ਪੀ. 7 ਸੀਟਾਂ 'ਤੇ ਅਤੇ ਆਪ 3 ਸੀਟਾਂ 'ਤੇ ਚੋਣ ਲੜੇਗੀ। 'ਆਪ' ਅਤੇ ਜੇ.ਜੇ.ਪੀ. ਦੀ ਸਾਂਝੀ ਪ੍ਰੈੱਸ ਕਾਨਫਰੰਸ 'ਚ ਦੁਸ਼ਯੰਤ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦੋਵੇਂ ਪਾਰਟੀਆਂ ਮਿਲ ਕੇ ਪ੍ਰਦੇਸ਼ 'ਚ ਤਬਦੀਲੀ ਲਿਆਉਣਗੀਆਂ। ਨੌਰਾਤਿਆਂ 'ਚ ਪ੍ਰਦੇਸ਼ ਦੇ ਲੋਕਾਂ ਲਈ ਇਹ ਖੁਸ਼ਖਬਰੀ ਹੈ। ਦੁਸ਼ਯੰਤ ਨੇ ਕਿਹਾ,''ਅਸੀਂ ਮਜ਼ਬੂਤੀ ਨਾਲ ਕਾਂਗਰਸ ਅਤੇ ਭਾਜਪਾ ਨੂੰ ਬਾਹਰ ਕਰਾਂਗੇ। ਮੈਂ ਅਰਵਿੰਦ ਕੇਜਰੀਵਾਲ ਦਾ ਸ਼ੁਕਰੀਆ ਕਰਦਾ ਹਾਂ।''ਉੱਥੇ ਹੀ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਅਸੀਂ ਹਰਿਆਣਾ ਨੂੰ ਵੀ ਬਦਲਾਂਗੇ। ਜੀਂਦ 'ਚ ਵੀ ਅਸੀਂ ਜੇ.ਜੇ.ਪੀ. ਪਾਰਟੀ ਦਾ ਸਹਿਯੋਗ ਕੀਤਾ ਸੀ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਹਰਿਆਣਾ 'ਚ ਬਿਖਰੀ ਪਈ ਹੈ।
ਦੁਸ਼ਯੰਤ ਨੇ ਕਿਹਾ,''ਅਸੀਂ ਇਕ ਅਤੇ ਇਕ ਗਿਆਰਾ ਬਣਾਂਗੇ। ਦੋਵੇਂ ਪਾਰਟੀਆਂ ਮਿਲ ਕੇ ਹਰਿਆਣਾ 'ਚ ਤਬਦੀਲੀ ਲਿਆਉਣਗੀਆਂ। ਝਾੜੂ ਅਤੇ ਚੱਪਲ ਮਿਲ ਕੇ ਬੁਰਾਈਆਂ ਨੂੰ ਪ੍ਰਦੇਸ਼ ਤੋਂ ਬਾਹਰ ਕਰਨਗੇ। ਕੌਣ ਪਾਰਟੀ ਕਿਹੜੇ ਹਲਕੇ ਤੋਂ ਲੜੇਗੀ, ਉੱਥੇ ਇਸ ਲਈ ਇਕ ਕਾਰਡੀਨੇਸ਼ਨ ਕਮੇਟੀ ਬਣਾਈ ਗਈ ਹੈ। ਬਹੁਤ ਜਲਦੀ ਐਲਾਨ ਹੋਵੇਗਾ ਕਿ ਕਿਹੜੀਆਂ 7 ਸੀਟਾਂ 'ਤੇ ਜਨਨਾਇਕ ਜਨਤਾ ਪਾਰਟੀ ਅਤੇ 3 ਸੀਟਾਂ 'ਤੇ 'ਆਪ' ਚੋਣਾਂ ਲੜੇਗੀ।