ਜੰਮੂ ਕਸ਼ਮੀਰ ਹਾਈ ਕੋਰਟ ਨੇ ''ਕਸ਼ਮੀਰ ਵਾਲਾ'' ਦੇ ਸੰਪਾਦਕ ਫਹਾਦ ਸ਼ਾਹ ਨੂੰ ਦਿੱਤੀ ਜ਼ਮਾਨਤ

11/18/2023 4:49:29 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਇਕ ਸਮਾਚਾਰ ਪੋਰਟਲ 'ਕਸ਼ਮੀਰ ਵਾਲਾ' ਦੇ ਸੰਪਾਦਕ ਫਹਾਦ ਸ਼ਾਹ ਨੂੰ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਖ਼ਿਲਾਫ਼ ਅੱਤਵਾਦੀ ਸਾਜਿਸ਼ ਰਚਣ ਸਮੇਤ ਕਈ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਸਮਾਚਾਰ ਪੋਰਟਲ ਦੇ ਸੰਪਾਦਕ ਬੀਤੇ 21 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹੈ। ਹਾਈ ਕੋਰਟ ਦੇ ਸਾਹਮਣੇ ਪੋਰਟਲ ਦੇ ਸੰਪਾਦਕ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਸੀਨੀਅਰ ਐਡਵੋਕੇਟ ਪੀ.ਐੱਨ. ਰੈਨਾ ਨੇ ਕਿਹਾ,''ਅਸੀਂ ਜ਼ਮਾਨਤ 'ਚ ਤੈਅ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੇ ਹਾਂ। ਫਹਾਦ ਸ਼ਾਹ ਨੂੰ ਜੇਲ੍ਹ ਤੋਂ ਬਾਹਰ ਆਉਣ 'ਚ ਕੁਝ ਸਮਾਂ ਲੱਗੇਗਾ।'' ਉਨ੍ਹਾਂ ਕਿਹਾ ਕਿ ਸ਼ਾਹ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 18 (ਅੱਤਵਾਦੀ ਸਾਜਿਸ਼) ਅਤੇ ਧਾਰਾ 121 (ਦੇਸ਼ ਖ਼ਿਲਾਫ਼ ਯੁੱਧ ਛੇੜਨ) ਅਤੇ ਭਾਰਤੀ ਦੰਡਾਵਲੀ ਦੀ ਧਾਰਾ 153-ਬੀ (ਰਾਸ਼ਟਰੀ ਏਕੀਕਰਨ 'ਤੇ ਪ੍ਰਤੀਕੂਲ ਪ੍ਰਭਾਵ ਪਾਉਣ) ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ।

ਰੈਨਾ ਨੇ ਕਿਹਾ ਕਿ ਜੰਮੂ ਬਰਾਂਚ ਦੀ ਜੱਜ ਸ਼੍ਰੀਧਰਨ ਅਤੇ ਜੱਜ ਐੱਮ.ਐੱਲ. ਮਨਹਾਸ ਵਾਲੀ ਬੈਂਚ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕੀਤੀ। ਉਨ੍ਹਾਂ ਕਿਹਾ ਕਿ ਸ਼ਾਹ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13 (ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹ ਦੇਣਾ) ਦੇ ਅਧੀਨ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। ਸੰਪਾਦਕ ਖ਼ਿਲਾਫ਼ ਗੈਰ-ਕਾਨੂੰਨੀ ਰੂਪ ਨਾਲ ਵਿਦੇਸ਼ੀ ਪੈਸੇ ਪ੍ਰਾਪਤ ਕਰਨ ਦੇ ਦੋਸ਼ 'ਚ ਵੀ ਮੁਕੱਦਮਾ ਚਲਾਇਆ ਜਾਵੇਗਾ। ਹਾਈ ਕੋਰਟ ਨੇ ਅਪ੍ਰੈਲ 'ਚ ਵਿਵਾਦਿਤ ਜਨਤਕ ਸੁਰੱਖਿਆ ਐਕਟ (ਪੀ.ਐੱਸ.ਏ.) ਦੇ ਅਧੀਨ ਸ਼ਾਹ ਦੀ ਹਿਰਾਸਤ ਨੂੰ ਰੱਦ ਕਰ ਦਿੱਤਾ ਸੀ। ਸ਼ਾਹ ਨੂੰ ਫਰਵਰੀ 2022 'ਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਇਕ ਮੁਕਾਬਲੇ ਦੀ ਰਿਪੋਰਟਿੰਗ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News