ਜਾਮੀਆ ਵਿਰੋਧ : ਵੀਸੀ ਦੇ ਭਰੋਸੇ ਨੂੰ ਵੀ ਨਹੀਂ ਮੰਨੇ ਵਿਦਿਆਰਥੀ, ਦਿੱਲੀ ਪੁਲਸ ''ਤੇ FIR ''ਤੇ ਅੜੇ

Monday, Jan 13, 2020 - 04:01 PM (IST)

ਜਾਮੀਆ ਵਿਰੋਧ : ਵੀਸੀ ਦੇ ਭਰੋਸੇ ਨੂੰ ਵੀ ਨਹੀਂ ਮੰਨੇ ਵਿਦਿਆਰਥੀ, ਦਿੱਲੀ ਪੁਲਸ ''ਤੇ FIR ''ਤੇ ਅੜੇ

ਨਵੀਂ ਦਿੱਲੀ— 15 ਦਸੰਬਰ 2019 ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਜਾਮੀਆ ਮਿਲੀਆ ਇਸਲਾਮੀਆ ਦੀ ਵਾਇਸ ਚਾਂਸਲਰ ਨਜ਼ਮਾ ਅਖਤਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਨਜ਼ਮਾ ਤੋਂ ਪੁੱਛਿਆ ਕੀ ਨਾਗਰਿਕਤਾ ਸੋਧ ਐਕਟ ਅਤੇ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨ 'ਤੇ ਉਨ੍ਹਾਂ ਦਾ ਕੀ ਸਟੈਂਡ ਹੈ। ਇਸ 'ਤੇ ਨਜ਼ਮਾ ਨੇ ਜਵਾਬ ਦਿੱਤਾ ਕਿ ਵਿਦਿਆਰਥੀ ਸਿਰਫ ਯੂਨੀਵਰਸਿਟੀ ਨਾਲ ਜੁੜੇ ਸਵਾਲ ਹੀ ਪੁੱਛਣ। ਦਰਅਸਲ ਵਿਦਿਆਰਥੀ ਦਿੱਲੀ ਪੁਲਸ ਵਿਰੁੱਧ ਐੱਫ. ਆਈ. ਆਰ. ਦਰਜ ਕੀਤੇ ਜਾਣ ਤਕ ਪ੍ਰੀਖਿਆ 'ਚ ਸ਼ਾਮਲ ਨਾ ਹੋਣ ਦੀ ਜਿੱਦ 'ਤੇ ਅੜੇ ਹਨ। ਵਾਇਸ ਚਾਂਸਲਰ ਨੇ ਵਿਦਿਆਰਥੀਆਂ ਵਿਚਾਲੇ ਆ ਕੇ ਕਿਹਾ ਕਿ ਦਿੱਲੀ ਪੁਲਸ ਵਿਰੁੱਧ ਐੱਫ. ਆਈ. ਆਰ. ਦੀ ਪ੍ਰਕਿਰਿਆ ਕੱਲ ਭਾਵ ਮੰਗਲਵਾਰ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ। 
ਵਿਦਿਆਰਥੀ ਜਾਣਨਾ ਚਾਹੁੰਦੇ ਸਨ ਕਿ ਦਿੱਲੀ ਪੁਲਸ ਕਿਸ ਤੋਂ ਪੁੱਛ ਕੇ ਕੈਂਪਸ 'ਚ  ਦਾਖਲ ਹੋਈ ਸੀ। ਇਸ 'ਤੇ ਵਾਇਸ ਚਾਂਸਲਰ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਕੈਂਪਸ ਵਿਚ ਦਾਖਲੇ ਦੀ ਆਗਿਆ ਕਿਸੇ ਤੋਂ ਨਹੀਂ ਲਈ ਸੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਦਿੱਲੀ ਪੁਲਸ ਵਿਰੁੱਧ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। 
ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਬੀਤੀ 15 ਦਸੰਬਰ ਨੂੰ ਜਾਮੀਆ ਯੂਨੀਵਰਸਿਟੀ ਕੈਂਪਸ 'ਚ ਦਾਖਲ ਹੋਈ। ਉਸ 'ਤੇ ਵਿਦਿਆਰਥੀਆਂ ਨਾਲ ਕੁੱਟਮਾਰ ਦਾ ਦੋਸ਼ ਲੱਗਾ ਹੈ। ਇਸ ਮਾਮਲੇ 'ਤੇ ਜਾਮੀਆ ਕੋ-ਆਰਡੀਨੇਸ਼ਨ ਕਮੇਟੀ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਅੱਜ ਵਾਇਸ ਚਾਂਸਲਰ ਦਾ ਘਿਰਾਓ ਕੀਤਾ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੇ ਲਾਇਬ੍ਰੇਰੀ 'ਚ ਪੁਲਸ ਦੇ ਗਲਤ ਢੰਗ ਨਾਲ ਦਾਖਲ ਹੋਣ, ਭੰਨ-ਤੋੜ ਕਰਨ, ਵਿਦਿਆਰਥੀਆਂ ਨੂੰ ਸੱਟ ਪਹੁੰਚਾਉਣ ਦੀ ਸ਼ਿਕਾਇਤ ਕਰਦੇ ਹੋਏ ਦਿੱਲੀ ਪੁਲਸ 'ਚ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਵਿਚ ਦਿੱਲੀ ਪੁਲਸ ਨੇ ਦੱਸਿਆ ਕਿ ਮਾਮਲਾ ਕ੍ਰਾਈਮ ਬਰਾਂਚ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤਕ ਨਾ ਤਾਂ ਕ੍ਰਾਈਮ ਬਰਾਂਚ ਨੇ ਐੱਫ. ਆਈ. ਆਰ. ਦਰਜ  ਕੀਤੀ ਅਤੇ ਨਾ ਹੀ ਉਸ ਦੀ ਟੀਮ ਜਾਂਚ ਲਈ ਕੈਂਪਸ ਪੁੱਜੀ। 
 


author

Tanu

Content Editor

Related News