ਕਾਂਗਰਸ ਦੇ ਵਿਰੋਧ ਕਾਰਨ ਰਾਜ ਸਭਾ ’ਚ ਅਟਕਿਆ ਜਲਿਆਂਵਾਲਾ ਬਾਗ ਟਰੱਸਟ ਬਿੱਲ
Wednesday, Aug 07, 2019 - 06:43 PM (IST)

ਨਵੀਂ ਦਿੱਲੀ— ਵਿਰੋਧੀ ਧਿਰ ਕਾਂਗਰਸ ਦੇ ਵਿਰੋਧ ਕਾਰਣ ਜਲਿਆਂਵਾਲਾ ਬਾਗ ਰਾਸ਼ਟਰੀ ਯਾਦਗਾਰ (ਸੋਧ) ਬਿੱਲ ਬੁੱਧਵਾਰ ਰਾਜ ਸਭਾ ’ਚ ਪਾਸ ਨਹੀਂ ਹੋ ਸਕਿਆ। ਲੋਕ ਸਭਾ ਨੇ 2 ਅਗਸਤ ਨੂੰ ਹੀ ਇਹ ਬਿੱਲ ਪਾਸ ਕਰ ਦਿੱਤਾ ਸੀ ਪਰ ਰਾਜ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਕਾਰਣ ਇਹ ਬੁੱਧਵਾਰ ਅਟਕ ਗਿਆ। ਬਿੱਲ ਰਾਜ ਸਭਾ ਦੀ ਕਾਰਜ ਸੂਚੀ ’ਚ ਸ਼ਾਮਲ ਸੀ। ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲ ਗਈ ਹੈ ਕਿ ਸੁਸ਼ਮਾ ਸਵਰਾਜ ਦਾ ਦਿਹਾਂਤ ਹੋ ਗਿਆ ਹੈ। ਰਸਮੀ ਵਿਧਾਨਿਕ ਕੰਮਕਾਜ ਅਤੇ ਸਰਬਸੰਮਤੀ ਵਾਲੇ ਬਿੱਲਾਂ ਨੂੰ ਪਾਸ ਕੀਤੇ ਜਾਣ ਪਿੱਛੋਂ ਸੁਸ਼ਮਾ ਜੀ ਦੇ ਸਤਿਕਾਰ ’ਚ ਹਾਊਸ ਦੀ ਕਾਰਵਾਈ ਮੁਲਤਵੀ ਕੀਤੀ ਜਾਣੀ ਹੈ। ਉਂਝ ਵੀ ਅੱਜ ਸੈਸ਼ਨ ਦਾ ਆਖਰੀ ਦਿਨ ਹੈ। ਦੇਸ਼ ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਮਨਾ ਰਿਹਾ ਹੈ।
ਉਨ੍ਹਾਂ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੂੰ ਬਿੱਲ ਪੇਸ਼ ਕਰਨ ਲਈ ਕਿਹਾ। ਬਿੱਲ ’ਚ ਇਹ ਵਿਵਸਥਾ ਕੀਤੀ ਗਈ ਹੈ ਕਿ ਹੁਣ ਕਾਂਗਰਸ ਦਾ ਪ੍ਰਧਾਨ ਟਰੱਸਟ ’ਚ ਮੈਂਬਰ ਨਹੀਂ ਹੋਵੇਗਾ। ਪਟੇਲ ਵਲੋਂ ਬਿੱਲ ਪੇਸ਼ ਕੀਤੇ ਜਾਣ ਪਿੱਛੋਂ ਹਾਊਸ ’ਚ ਕਾਂਗਰਸ ਦੇ ਉਪ ਨੇਤਾ ਅਾਨੰਦ ਸ਼ਰਮਾ ਨੇ ਕਿਹਾ ਕਿ ਸਮੁੱਚਾ ਹਾਊਸ ਸੁਸ਼ਮਾ ਸਵਰਾਜ ਦੇ ਦਿਹਾਂਤ ਕਾਰਨ ਗਮਗੀਨ ਹੈ। ਇਸ ਲਈ ਉਹ ਨਹੀਂ ਚਾਹੁੰਦੇ ਕਿ ਨਫਰਤ ਵਾਲਾ ਕੋਈ ਮਾਹੌਲ ਬਣੇ। ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ’ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਜਲਿਆਂਵਾਲਾ ਬਾਗ ਟਰੱਸਟ ਦਾ ਮਾਮਲਾ ਦੇਸ਼ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।
ਆਜ਼ਾਦ ਨੇ ਕਿਹਾ ਕਿ ਅੱਜ ਇਸ ਬਿੱਲ ’ਤੇ ਚਰਚਾ ਦਾ ਮਾਹੌਲ ਨਹੀਂ। ਗਮ ਦੇ ਮਾਹੌਲ ’ਚ ਹਾਊਸ ’ਚੋਂ ਕੋਈ ਗਲਤ ਸੰਦੇਸ਼ ਨਹੀਂ ਜਾਣਾ ਚਾਹੀਦਾ। ਇਸ ਲਈ ਉਨ੍ਹਾਂ ਦੀ ਬੇਨਤੀ ਹੈ ਕਿ ਇਸ ਬਿੱਲ ਨੂੰ ਅਗਲੇ ਸੈਸ਼ਨ ਤੱਕ ਲਈ ਟਾਲ ਦਿੱਤਾ ਜਾਵੇ। ਇਸ ’ਤੇ ਪ੍ਰਹਿਲਾਦ ਜੋਸ਼ੀ ਅਤੇ ਹੋਰਨਾਂ ਨੇ ਕਿਹਾ ਕਿ ਇਸ ’ਚ ਕੋਈ ਵੱਡੀ ਸੋਧ ਨਹੀਂ ਹੈ। ਤਿੰਨ ਛੋਟੀਆਂ ਅਜਿਹੀਆਂ ਸੋਧਾਂ ਹਨ, ਇਸ ਲਈ ਬਿੱਲ ਨੂੰ ਅੱਜ ਹੀ ਪਾਸ ਕਰ ਦੇਣਾ ਚਾਹੀਦਾ ਹੈ। ਕਾਂਗਰਸ ਦੇ ਨਾਲ ਹੀ ਕਈ ਹੋਰਨਾਂ ਪਾਰਟੀਆਂ ਦੇ ਮੈਂਬਰਾਂ ਨੇ ਕਿਹਾ ਿਕ ਬਿੱਲ ਨੂੰ ਜਾਂ ਤਾਂ ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਜਾਵੇ ਜਾਂ ਅਗਲੇ ਸੈਸ਼ਨ ਲਈ ਟਾਲ ਦਿੱਤਾ ਜਾਵੇ। ਇਸ ਪਿੱਛੋਂ ਬਿੱਲ ’ਤੇ ਕੋਈ ਚਰਚਾ ਨਹੀਂ ਹੋ ਸਕੀ ਅਤੇ ਉਹ ਅਟਕ ਗਿਆ।