ਅਨੰਤਨਾਗ ਤੇ ਰੋਹਤਾਂਗ ਦੱਰੇ ’ਤੇ ਬਰਫਬਾਰੀ, ਸ਼੍ਰੀਨਗਰ-ਲੇਹ ਹਾਈਵੇਅ ਬੰਦ

Saturday, Nov 30, 2024 - 11:52 PM (IST)

ਸ੍ਰੀਨਗਰ, ਮਨਾਲੀ, ਚੰਬਾ, ਸ਼ਿਮਲਾ, (ਭਾਸ਼ਾ, ਸੋਨੂੰ, ਸੰਤੋਸ਼)- ‘ਪੱਛਮੀ ਗੜਬੜ’ ਦੇ ਪ੍ਰਭਾਵ ਕਾਰਨ ਕਸ਼ਮੀਰ ਵਾਦੀ ਦੀਆਂ ਕਈ ਉੱਚਾਈ ਵਾਲੀਆਂ ਥਾਵਾਂ ’ਤੇ ਤਾਜ਼ਾ ਬਰਫਬਾਰੀ ਹੋਈ ਹੈ।

ਇਸ ਮੌਸਮ ਦੀ ਪਹਿਲੀ ਬਰਫਬਾਰੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ’ਚ ਹੋਈ। ਗੁਲਮਰਗ ਤੇ ਸੋਨਮਰਗ ਸਮੇਤ ਕਈ ਹੋਰ ਸੈਰ-ਸਪਾਟੇ ਵਾਲੀਆਂ ਥਾਂਵਾਂ ’ਤੇ ਵੀ ਬਰਫ ਪਈ।

ਰੋਹਤਾਂਗ ਦੱਰੇ ਦੀਆਂ ਪਹਾੜੀਆਂ ’ਤੇ ਸ਼ਨੀਵਾਰ ਬਰਫਬਾਰੀ ਹੋਈ। ਰਾਤ ਤਕ 2 ਇੰਚ ਬਰਫ ਪੈ ਚੁਕੀ ਸੀ। ਅਧਿਕਾਰੀਆਂ ਮੁਤਾਬਕ ਜ਼ੋਜਿਲਾ ਵਿਖੇ ਬਰਫਬਾਰੀ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਬੰਦ ਹੋ ਗਿਆ ਹੈ। ਕਸ਼ਮੀਰ ’ਚ ਐਤਵਾਰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ । ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ 'ਤੇ ਹਲਕੀ ਵਰਖਾ ਹੋਵੇਗੀ ਜਾਂ ਬਰਫ ਪਏਗੀ।

ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ੁੱਕਰਵਾਰ ਦੀ ਰਾਤ ਇਹ ਸਿਫ਼ਰ ਤੋਂ ਇਕ ਡਿਗਰੀ ਹੇਠਾਂ ਆ ਗਿਆ। ਇੱਥੇ ਬਰਫਬਾਰੀ ਕਾਰਨ ਸੈਰ-ਸਪਾਟਾ ਕਾਰੋਬਾਰ ਦੇ ਵਧਣ ਦੀ ਉਮੀਦ ਹੈ।

ਅਜੇ ਇਸ ਸਮੇਂ ਸੈਲਾਨੀਆਂ ਦੀ ਗਿਣਤੀ ਘੱਟ ਹੈ ਪਰ ਨਵੇਂ ਸਾਲ ਤੇ ਕ੍ਰਿਸਮਸ ਦੌਰਾਨ ਸੈਲਾਨੀਆਂ ਦੀ ਆਮਦ ਦੇ ਵਧਣ ਦੀ ਸੰਭਾਵਨਾ ਹੈ। ਮਨਾਲੀ ਦੇ ਸਾਰੇ ਸੈਰ ਸਪਾਟਾ ਕੇਂਦਰਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਸ਼ਨੀਵਾਰ ਨੂੰ ਨੇੜਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਸਾਚ ਦੱਰੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ।


Rakesh

Content Editor

Related News