ISIS ਅੱਤਵਾਦੀ ਰਿਜ਼ਵਾਨ ਅਲੀ ਦਿੱਲੀਓਂ ਗ੍ਰਿਫ਼ਤਾਰ, 3 ਲੱਖ ਰੁਪਏ ਦਾ ਐਲਾਨਿਆ ਹੋਇਆ ਸੀ ਇਨਾਮ
Saturday, Aug 10, 2024 - 06:18 AM (IST)
ਨਵੀਂ ਦਿੱਲੀ : ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਸ਼ੁੱਕਰਵਾਰ ਨੂੰ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਆਈਐੱਸਆਈਐੱਸ (ISIS) ਦੇ ਲੋੜੀਂਦੇ ਸ਼ੱਕੀ ਅੱਤਵਾਦੀ ਰਿਜ਼ਵਾਨ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਉਸ ਦੇ ਸਿਰ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ। ਪੁਲਸ ਨੇ ਦੱਸਿਆ ਕਿ ਫੜੇ ਜਾਣ ਤੋਂ ਪਹਿਲਾਂ ਦੋਸ਼ੀ ਇਕ ਸਾਲ ਤੋਂ ਵੱਧ ਸਮੇਂ ਤੱਕ ਫ਼ਰਾਰ ਰਿਹਾ।
ਨਵੀਂ ਦਿੱਲੀ ਰੇਂਜ ਦੇ ਵਿਸ਼ੇਸ਼ ਸੈੱਲ ਦੀ ਟੀਮ ਨੂੰ ਕੱਲ੍ਹ ਦਰਿਆਗੰਜ ਵਿਚ ਰਿਜ਼ਵਾਨ ਅਲੀ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਪੁਲਸ ਨੇ ਕਿਹਾ, "ਇਨਪੁਟ ਦੇ ਆਧਾਰ 'ਤੇ ਇਕ ਜਾਲ ਵਿਛਾਇਆ ਗਿਆ ਸੀ ਅਤੇ ਦੋਸ਼ੀ ਰਿਜ਼ਵਾਨ ਅਲੀ (29) ਨੂੰ ਥੋੜ੍ਹੀ ਦੇਰ ਦੀ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਸ ਨੇ ਉਸ ਕੋਲੋਂ ਇਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਅਤੇ ਇਸ ਤੋਂ ਇਲਾਵਾ ਵਿਸਫੋਟਕ ਵੀ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜੇਲ੍ਹਰ ਦੀਪਕ ਸ਼ਰਮਾ ਮੁਅੱਤਲ, ਡਾਂਸ ਕਰਦੇ ਹੋਏ ਪਿਸਤੌਲ ਲਹਿਰਾਉਣ ਦਾ ਵੀਡੀਓ ਹੋਇਆ ਸੀ ਵਾਇਰਲ
ਸਾਲ 2015-16 ਵਿਚ ਰਿਜ਼ਵਾਨ ਦਾ ਝੁਕਾਅ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਧਾਰਾ ਵੱਲ ਹੋ ਗਿਆ। 2017 ਵਿਚ ਉਹ ਦਿੱਲੀ ਦੇ ਸ਼ਾਹੀਨ ਬਾਗ ਵਿਚ ਝਾਰਖੰਡ ਦੇ ਰਹਿਣ ਵਾਲੇ ਮੁਲਜ਼ਮ ਸ਼ਾਹਨਵਾਜ਼ ਨੂੰ ਮਿਲਿਆ, ਜੋ ਕਿ ਪੜ੍ਹਾਈ ਲਈ ਦਿੱਲੀ ਆਇਆ ਹੋਇਆ ਸੀ ਅਤੇ ਹੌਲੀ-ਹੌਲੀ ਉਹ ਚੰਗੇ ਦੋਸਤ ਬਣ ਗਏ। ਸ਼ਾਹਨਵਾਜ਼ ਅਤੇ ਰਿਜ਼ਵਾਨ ਹਿਜਰਤ ਲਈ ਜਾਣਾ ਚਾਹੁੰਦੇ ਸਨ ਅਤੇ ਹਿਜਰਤ ਲਈ ਪੈਸੇ ਇਕੱਠੇ ਕਰਨ ਲਈ ਸ਼ਾਹਨਵਾਜ਼ ਅਪਰਾਧ ਵਿਚ ਸ਼ਾਮਲ ਹੋ ਗਏ। ਰਿਜ਼ਵਾਨ 2018 ਵਿਚ ਇਕ ਸੋਸ਼ਲ ਮੀਡੀਆ ਐਪਲੀਕੇਸ਼ਨ 'ਤੇ ਇਕ ਆਈਐੱਸਆਈਐੱਸ (ISIS) ਹੈਂਡਲਰ ਨਾਲ ਜੁੜਿਆ ਸੀ। ਉਦੋਂ ਤੋਂ ਉਹ ਅਤੇ ਉਸਦੇ ਸਾਥੀ ਆਈਐੱਸਆਈਐੱਸ ਦੀ ਵਿਚਾਰਧਾਰਾ ਵਿਚ ਡੂੰਘੇ ਸ਼ਾਮਲ ਸਨ ਅਤੇ ਅੱਤਵਾਦੀ ਕਾਰਵਾਈਆਂ ਕਰਨ ਦੀ ਯੋਜਨਾ ਬਣਾ ਰਹੇ ਸਨ।
ਅਪ੍ਰੈਲ 2022 ਵਿਚ ਰਿਜ਼ਵਾਨ ਅਤੇ ਸ਼ਾਹਨਵਾਜ਼ ਇਮਰਾਨ ਅਤੇ ਯੂਨਸ ਸਾਕੀ ਦੇ ਸੰਪਰਕ ਵਿਚ ਆਏ, ਜਿਨ੍ਹਾਂ ਨੂੰ ਪਿਛਲੇ ਸਾਲ ਪੁਣੇ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਦੋਵਾਂ ਨੇ ਮਿਲ ਕੇ ਆਈਈਡੀ ਤਿਆਰ ਕਰਨ ਲਈ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪੁਣੇ ਪੁਲਸ ਵਲੋਂ ਮਾਮਲੇ ਨੂੰ ਬਾਅਦ ਵਿਚ ਅਗਲੀ ਜਾਂਚ ਲਈ ਐੱਨਆਈਏ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਬਾਅਦ ਵਿਚ ਐੱਨਆਈਏ ਵੱਲੋਂ ਫਰਾਰ ਸ਼ਾਹਨਵਾਜ਼ ਆਲਮ, ਰਿਜ਼ਵਾਨ ਅਲੀ ਅਤੇ ਕੁਝ ਹੋਰਾਂ ਦੀ ਗ੍ਰਿਫ਼ਤਾਰੀ ਲਈ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਮਰਾਨ ਅਤੇ ਯੂਨਸ ਦੀ ਗ੍ਰਿਫਤਾਰੀ ਤੋਂ ਬਾਅਦ ਰਿਜ਼ਵਾਨ ਅਤੇ ਸ਼ਾਹਨਵਾਜ਼ ਫ਼ਰਾਰ ਹੋ ਗਏ। ਹਾਲਾਂਕਿ, ਸ਼ਾਹਨਵਾਜ਼ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ, ਰਿਜ਼ਵਾਨ ਕਾਨੂੰਨ ਦੀ ਪਹੁੰਚ ਤੋਂ ਬਾਹਰ ਰਿਹਾ, ਕਿਉਂਕਿ ਉਹ ਵਿਸ਼ੇਸ਼ ਸੈੱਲ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੱਕ ਟਿਕਾਣੇ ਬਦਲਦਾ ਰਿਹਾ ਅਤੇ ਆਈਐੱਸਆਈਐੱਸ ਦੇ ਕਾਰਕੁਨਾਂ ਨਾਲ ਸੰਚਾਰ ਵਿਚ ਸਾਰੀਆਂ ਸਾਵਧਾਨੀਆਂ ਵਰਤਦਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8