iPhone ਯੂਜ਼ਰਸ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਗੰਭੀਰ ਚਿਤਾਵਨੀ, ਪੜ੍ਹੋ ਪੂਰੀ ਖਬਰ
Sunday, Mar 29, 2026 - 02:01 PM (IST)
ਗੈਜੇਟ ਡੈਸਕ - ਭਾਰਤ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਐਪਲ (Apple) ਡਿਵਾਈਸਾਂ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਬੇਹੱਦ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਮੁਤਾਬਕ ਆਈਫੋਨ, ਆਈਪੈਡ, ਮੈਕ ਅਤੇ ਐਪਲ ਵਾਚ ਸਮੇਤ ਕਈ ਡਿਵਾਈਸਾਂ 'ਚ ਅਜਿਹੀਆਂ ਵੱਡੀਆਂ ਖਾਮੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦਾ ਫਾਇਦਾ ਉਠਾ ਕੇ ਹੈਕਰਸ ਤੁਹਾਡੇ ਸਿਸਟਮ 'ਚ ਸੰਨ੍ਹ ਲਗਾ ਸਕਦੇ ਹਨ ਅਤੇ ਤੁਹਾਡਾ ਸੰਵੇਦਨਸ਼ੀਲ ਡੇਟਾ ਚੋਰੀ ਕਰ ਸਕਦੇ ਹਨ।
ਹਾਈ ਸੀਵੈਰਿਟੀ ਕੈਟੇਗਰੀ 'ਚ ਰੱਖਿਆ ਖਤਰਾ
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ CERT-In ਨੇ ਇਨ੍ਹਾਂ ਕਮਜ਼ੋਰੀਆਂ ਨੂੰ 'ਹਾਈ ਸੀਵੈਰਿਟੀ' ਸ਼੍ਰੇਣੀ 'ਚ ਰੱਖਿਆ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਖਾਮੀਆਂ ਰਾਹੀਂ ਕੋਈ ਵੀ ਹਮਲਾਵਰ ਸਿਸਟਮ 'ਚ ਆਪਣੀ ਮਰਜ਼ੀ ਦਾ ਕੋਡ ਚਲਾ ਸਕਦਾ ਹੈ, ਸੁਰੱਖਿਆ ਪਰਤਾਂ ਨੂੰ ਪਾਰ ਕਰ ਸਕਦਾ ਹੈ ਅਤੇ ਡਿਵਾਈਸ 'ਤੇ ਕੰਟਰੋਲ ਹਾਸਲ ਕਰ ਸਕਦਾ ਹੈ। ਇਸ ਨਾਲ ਡੇਟਾ ਲੀਕ ਹੋਣ ਅਤੇ ਸਰਵਿਸ ਠੱਪ ਹੋਣ (DoS ਅਟੈਕ) ਦਾ ਵੀ ਵੱਡਾ ਖਤਰਾ ਬਣਿਆ ਹੋਇਆ ਹੈ।
ਕਿਹੜੇ ਡਿਵਾਈਸਾਂ 'ਤੇ ਹੈ ਸਭ ਤੋਂ ਵੱਧ ਅਸਰ?
ਇਹ ਖਤਰਾ ਖਾਸ ਤੌਰ 'ਤੇ ਉਨ੍ਹਾਂ ਡਿਵਾਈਸਾਂ 'ਤੇ ਜ਼ਿਆਦਾ ਦੇਖਿਆ ਗਿਆ ਹੈ ਜੋ ਪੁਰਾਣੇ ਸਾਫਟਵੇਅਰ ਵਰਜਨਾਂ 'ਤੇ ਚੱਲ ਰਹੇ ਹਨ। ਇਸ 'ਚ ਸ਼ਾਮਲ ਹਨ :-
* ਆਈਫੋਨ (iPhone)
* ਆਈਪੈਡ (iPad)
* ਮੈਕ (Mac)
* ਐਪਲ ਵਾਚ (Apple Watch)
* ਸਫਾਰੀ (Safari) ਬ੍ਰਾਊਜ਼ਰ
ਬਚਾਅ ਲਈ ਸਰਕਾਰ ਵੱਲੋਂ ਦਿੱਤੇ ਗਏ ਸੁਝਾਅ :-
CERT-In ਨੇ ਯੂਜ਼ਰਸ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਣ ਲਈ ਤੁਰੰਤ ਹੇਠ ਲਿਖੇ ਕਦਮ ਚੁੱਕਣ ...
ਸਾਫਟਵੇਅਰ ਅਪਡੇਟ
- ਆਪਣੇ ਸਾਰੇ ਐਪਲ ਡਿਵਾਈਸਾਂ ਨੂੰ ਤੁਰੰਤ ਲੇਟੈਸਟ ਸਾਫਟਵੇਅਰ ਵਰਜਨ 'ਤੇ ਅਪਡੇਟ ਕਰੋ, ਕਿਉਂਕਿ ਇਨ੍ਹਾਂ ਅਪਡੇਟਾਂ 'ਚ ਹੀ ਸੁਰੱਖਿਆ ਖਾਮੀਆਂ ਨੂੰ ਠੀਕ ਕੀਤਾ ਜਾਂਦਾ ਹੈ।
ਸਾਵਧਾਨੀ ਵਰਤੋ
- ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਕੋਈ ਸ਼ੱਕੀ ਫਾਈਲ ਡਾਊਨਲੋਡ ਕਰੋ।
ਭਰੋਸੇਮੰਦ ਐਪਸ
- ਹਮੇਸ਼ਾ ਅਧਿਕਾਰਤ ਐਪ ਸਟੋਰ ਤੋਂ ਹੀ ਐਪਲੀਕੇਸ਼ਨਾਂ ਇੰਸਟਾਲ ਕਰੋ।
ਡੇਟਾ ਬੈਕਅੱਪ
- ਆਪਣੇ ਜ਼ਰੂਰੀ ਡੇਟਾ ਦਾ ਬੈਕਅੱਪ ਜ਼ਰੂਰ ਰੱਖੋ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ 'ਚ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
