ਹੋਰ ਮਜ਼ਬੂਤ ਹੋਣਗੇ ਭਾਰਤ-ਸਾਊਦੀ ਦੇ ਸਬੰਧ ! ਦੋਵਾਂ ਦੇਸ਼ਾਂ ਵਿਚਾਲੇ ਰਿਆਧ ''ਚ ਹੋਈਆਂ ਹਾਈ ਲੈਵਲ ਮੀਟਿੰਗਾਂ

Thursday, Sep 10, 2026 - 04:26 PM (IST)

ਹੋਰ ਮਜ਼ਬੂਤ ਹੋਣਗੇ ਭਾਰਤ-ਸਾਊਦੀ ਦੇ ਸਬੰਧ ! ਦੋਵਾਂ ਦੇਸ਼ਾਂ ਵਿਚਾਲੇ ਰਿਆਧ ''ਚ ਹੋਈਆਂ ਹਾਈ ਲੈਵਲ ਮੀਟਿੰਗਾਂ

ਨਵੀਂ ਦਿੱਲੀ- ਭਾਰਤ ਅਤੇ ਸਾਊਦੀ ਅਰਬ ਨੇ ਵੀਰਵਾਰ ਨੂੰ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਅਤੇ ਆਪਣੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਇਹ ਚਰਚਾ ਸਾਊਦੀ ਅਰਬ 'ਚ ਭਾਰਤੀ ਰਾਜਦੂਤ ਵਿਪੁਲ ਅਤੇ ਸਾਊਦੀ ਅਰਬ ਦੇ ਸਹਾਇਕ ਰੱਖਿਆ ਮੰਤਰੀ ਡਾ. ਖਾਲਿਦ ਬਿਨ ਹੁਸੈਨ ਅਲ ਬਿਆਰੀ ਵਿਚਾਲੇ ਰਿਆਧ ਵਿੱਚ ਹੋਈ ਬੈਠਕ ਦੌਰਾਨ ਹੋਈ। ਸਾਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਨੇ 'X' 'ਤੇ ਪੋਸਟ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਦੋਵਾਂ ਆਗੂਆਂ ਨੇ ਦੋਹਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਦੇ ਨਾਲ-ਨਾਲ ਖੇਤਰੀ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ। 

ਇਹ ਬੈਠਕ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਦੇ 5 ਤੋਂ 8 ਸਤੰਬਰ ਤੱਕ ਦੇ ਸਾਊਦੀ ਅਰਬ ਦੇ ਅਧਿਕਾਰਤ ਦੌਰੇ ਤੋਂ ਤੁਰੰਤ ਬਾਅਦ ਹੋਈ ਹੈ। ਆਪਣੇ ਦੌਰੇ ਦੌਰਾਨ ਮੰਤਰੀ ਵਰਧਨ ਸਿੰਘ ਨੇ ਕਈ ਮਹੱਤਵਪੂਰਨ ਸਾਊਦੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਸੀ। ਇਨ੍ਹਾਂ ਮੁਲਾਕਾਤਾਂ ਦੌਰਾਨ ਸਾਊਦੀ ਦੇ ਵਾਤਾਵਰਣ, ਜਲ ਅਤੇ ਖੇਤੀਬਾੜੀ ਦੇ ਉਪ-ਮੰਤਰੀ ਮਨਸੂਰ ਹਿਲਾੱਲ ਅਲ ਮੁਸ਼ੈਤੀ ਅਤੇ ਜਲਵਾਯੂ ਦੂਤ ਆਦਿਲ ਅਲ-ਜੁਬੇਰ ਨਾਲ ਵਾਤਾਵਰਣ ਅਤੇ ਜਲਵਾਯੂ ਕਾਰਵਾਈ 'ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਮਨੁੱਖੀ ਸਰੋਤ ਮੰਤਰੀ ਅਹਿਮਦ ਬਿਨ ਸੁਲੇਮਾਨ ਅਲਰਾਜੀ ਨਾਲ ਮੁਲਾਕਾਤ ਕਰਕੇ ਭਾਰਤੀ ਮੰਤਰੀ ਨੇ ਲੇਬਰ ਅਤੇ ਮੈਨਪਾਵਰ ਸੈਕਟਰ 'ਚ ਸਹਿਯੋਗ ਵਧਾਉਣ 'ਤੇ ਗੱਲਬਾਤ ਕੀਤੀ।

ਮੰਤਰੀ ਕੀਰਤੀ ਵਰਧਨ ਸਿੰਘ ਨੇ 'ਅਲ ਫਨਾਰ' ਕੰਪਨੀ ਦੇ ਲੇਬਰ ਕੈਂਪ ਦਾ ਦੌਰਾ ਕਰਕੇ ਭਾਰਤੀ ਕਾਮਿਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਆਧ 'ਚ 'ਇੰਟੀਗ੍ਰਲ ਯੂਨੀਵਰਸਿਟੀ ਐਲੂਮਨੀ ਚੈਪਟਰ' ਦਾ ਉਦਘਾਟਨ ਕੀਤਾ ਅਤੇ ਭਾਰਤੀ ਉੱਦਮੀ, ਨਿਵੇਸ਼ਕਾਂ ਅਤੇ ਪੇਸ਼ੇਵਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਵਿਕਸਿਤ ਭਾਰਤ 2047' ਦੇ ਵਿਜ਼ਨ ਨੂੰ ਅੱਗੇ ਵਧਾਉਣ 'ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।


author

Harpreet SIngh

Content Editor

Related News