ਭਾਰਤ-ਪਾਕਿ ਵਿਚਾਲੇ ਇਕ ਘੰਟੇ ਤੱਕ ਚੱਲੀ ਫਲੈਗ ਮੀਟਿੰਗ

Saturday, Feb 22, 2025 - 05:56 PM (IST)

ਭਾਰਤ-ਪਾਕਿ ਵਿਚਾਲੇ ਇਕ ਘੰਟੇ ਤੱਕ ਚੱਲੀ ਫਲੈਗ ਮੀਟਿੰਗ

ਜੰਮੂ -ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਚੱਕਨ-ਦਾ-ਬਾਗ ਕ੍ਰਾਸਿੰਗ ਪੁਆਇੰਟ ’ਤੇ ਬ੍ਰਿਗੇਡੀਅਰ ਪੱਧਰ ਦੀ ਸ਼ੁੱਕਰਵਾਰ ਹੋਈ ਫਲੈਗ ਮੀਟਿੰਗ ’ਚ ਭਾਰਤ ਤੇ ਪਾਕਿਸਤਾਨ ਸਰਹੱਦ ’ਤੇ ਸ਼ਾਂਤੀ ਲਈ ਜੰਗਬੰਦੀ ਦੇ ਸਮਝੌਤੇ ਦਾ ਸਨਮਾਨ ਕਰਨ ਲਈ ਸਹਿਮਤ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਰਹੱਦੀ ਤਣਾਅ ਨੂੰ ਵੇਖਦਿਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਬ੍ਰਿਗੇਡੀਅਰ ਪੱਧਰ ਦੀ ਫਲੈਗ ਮੀਟਿੰਗ ਹੋਈ ਸੀ। ਇਹ ਮੀਟਿੰਗ ਬਹੁਤ ਹੀ ਸਦਭਾਵਨਾ ਭਰੇ ਮਾਹੌਲ ’ਚ ਹੋਈ ਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਸਰਹੱਦ ’ਤੇ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ 25 ਫਰਵਰੀ, 2021 ਨੂੰ ਹੋਏ ਜੰਗਬੰਦੀ ਦੇ ਸਮਝੌਤੇ ਦਾ ਸਨਮਾਨ ਕਰਨ ਲਈ ਸਹਿਮਤ ਹੋਈਆਂ ਹਨ।

ਪਾਕਿਸਤਾਨ ਨੇ ਇਸ ਸਾਲ ਕਈ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

• 19 ਫਰਵਰੀ ਨੂੰ ਰਾਜੌਰੀ ਦੇ ਸੁੰਦਰਬਨੀ ਸੈਕਟਰ ’ਚ ਕੰਟਰੋਲ ਰੇਖਾ ਨਾਲ ਸ਼ੱਕੀ ਸਰਗਰਮੀਆਂ ਵੇਖ ਕੇ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਫਾਇਰਿੰਗ ਕੀਤੀ।

• 16 ਫਰਵਰੀ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਪੁੰਛ ਜ਼ਿਲ੍ਹੇ ਦੇ ਗੁਲਪੁਰ ਸੈਕਟਰ ’ਚ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਫਾਇਰਿੰਗ ਦਾ ਢੁਕਵਾਂ ਜਵਾਬ ਦਿੱਤਾ।

• 14 ਫਰਵਰੀ ਨੂੰ ਅਖਨੂਰ ਸੈਕਟਰ ਦੇ ਕੇਰੀ ਇਲਾਕੇ ’ਚ ਸਰਹੱਦ ਪਾਰ ਤੋਂ ਸ਼ੱਕੀ ਸਨਾਈਪਰ ਫਾਇਰਿੰਗ ’ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ।

• 10 ਫਰਵਰੀ ਨੂੰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਹੋਈ ਸ਼ੱਕੀ ਫਾਇਰਿੰਗ ’ਚ ਫੌਜ ਦਾ ਇਕ ਹੋਰ ਜਵਾਨ ਜ਼ਖਮੀ ਹੋ ਗਿਆ।

• 8 ਫਰਵਰੀ ਨੂੰ ਭਾਰਤੀ ਫੌਜ ਨੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਸ਼ੱਕੀ ਅੱਤਵਾਦੀਆਂ ਵੱਲੋਂ ਕੀਤੀ ਗਈ ਫਾਇਰਿੰਗ ਦਾ ਢੁਕਵਾਂ ਜਵਾਬ ਦਿੱਤਾ।

• 4 ਤੇ 5 ਫਰਵਰੀ ਦੀ ਦਰਮਿਆਨੀ ਰਾਤ ਨੂੰ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ ’ਚ ਕ੍ਰਿਸ਼ਨਾ ਘਾਟੀ ਸੈਕਟਰ ਦੇ ਬਟਲ ਇਲਾਕੇ ਵਿਚ ਕੰਟਰੋਲ ਰੇਖਾ ਦੇ ਨਾਲ ਇਕ ਬਾਰੂਦੀ ਸੁਰੰਗ ਦੇ ਧਮਾਕੇ ’ਚ ਸ਼ੱਕੀ ਅੱਤਵਾਦੀ ਮਾਰੇ ਗਏ ਤੇ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।

ਅੱਤਵਾਦ ਦੇ ਸਫਾਏ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ : ਮਨੋਜ ਸਿਨ੍ਹਾ

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਜੰਮੂ ਡਿਵੀਜ਼ਨ ’ਚ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ। ਉਪ ਰਾਜਪਾਲ ਨੇ ਕਿਹਾ ਕਿ ਜੰਮੂ ਡਿਵੀਜ਼ਨ ’ਚ ਅੱਤਵਾਦ ਦੇ ਸਫਾਏ ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News