‘ਭਾਰਤ-ਪਾਕਿਸਤਾਨ : ਸ਼ੁੱਭ ਸੰਕੇਤ’

Saturday, Feb 27, 2021 - 12:36 PM (IST)

ਭਾਰਤ ਅਤੇ ਪਾਕਿਸਤਾਨ ਨੂੰ ਲੈ ਕੇ ਇਧਰ ਕੁਝ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਜੇਕਰ ਉਨ੍ਹਾਂ ’ਤੇ ਕੰਮ ਹੋ ਗਿਆ ਤਾਂ ਦੋਵਾਂ ਦੇਸ਼ਾਂ ਦੇ ਸੰਬੰਧ ਕਾਫੀ ਸੁਧਰ ਸਕਦੇ ਹਨ। ਪਹਿਲੀ ਖ਼ਬਰ ਤਾਂ ਇਹੀ ਹੈ ਕਿ ਰਾਸ਼ਟਰੀ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਬਾਰੇ ’ਚ ਅਜਿਹੀ ਗੱਲ ਕਹਿ ਦਿੱਤੀ ਹੈ, ਜੋ ਦੱਖਣੀ ਏਸ਼ੀਆ ਦਾ ਨਕਸ਼ਾ ਹੀ ਬਦਲ ਸਕਦੀ ਹੈ।

ਦੂਜੀ ਗੱਲ ਭਾਰਤ-ਪਾਕਿਸਤਾਨ ਕੰਟਰੋਲ ਰੇਖਾ ’ਤੇ ਸ਼ਾਂਤੀ ਬਣਾਈ ਰੱਖਣ ਦਾ ਸਮਝੌਤਾ ਹੋ ਗਿਆ ਹੈ। ਤੀਜੀ ਗੱਲ ਇਹ ਹੈ ਕਿ ਸੁਰੱਖਿਆ ਪ੍ਰੀਸ਼ਦ ’ਚ ਸਹਿਮਤੀ ਹੋ ਗਈ ਹੈ ਕਿ ਜਦੋਂ ਕੋਈ ਅੱਤਵਾਦੀ ਹਮਲਾ ਕਿਸੇ ਦੇਸ਼ ਦੇ ਜ਼ਮੀਨ ’ਤੇ ਹੋਵੇ ਤਾਂ ਉਸ ਦੇਸ਼ ਦੇ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਅੱਤਵਾਦੀਆਂ ਨੂੰ ਖ਼ਤਮ ਕਰਨਾ ਜਾਇਜ਼ ਹੈ। ਚੌਥੀ ਗੱਲ ਇਹ ਕਿ ਪਾਕਿਸਤਾਨ ਨੂੰ ਅਜੇ ਵੀ ਕੌਮਾਂਤਰੀ ਵਿੱਤੀ ਟਾਸਕ ਫੋਰਸ ਨੇ ‘ਭੂਰੀ ਸੂਚੀ’ ਵਿਚ ਬਣਾਈ ਰੱਖਿਆ ਹੈ। ਸ਼੍ਰੀ ਮੋਹਨ ਭਾਗਵਤ ਨੇ ਹੈਦਰਾਬਾਦ ’ਚ ਅਜਿਹੀ ਗੱਲ ਕਹਿ ਦਿੱਤੀ ਹੈ, ਜੋ ਅੱਜ ਤੱਕ ਕਿਸੇ ਆਰ. ਐੱਸ. ਐੱਸ. ਦੇ ਮੁਖੀ ਨੇ ਕਦੀ ਨਹੀਂ ਕਹੀ। ਉਨ੍ਹਾਂ ਨੇ ਕਿਹਾ ਕਿ ਅਖੰਡ ਭਾਰਤ ਤੋਂ ਸਭ ਤੋਂ ਵੱਧ ਫਾਇਦਾ ਕਿਸੇ ਨੂੰ ਹੋਵੇਗਾ ਤਾਂ ਉਹ ਪਾਕਿਸਤਾਨ ਨੂੰ ਹੋਵੇਗਾ। ਅਸੀਂ ਤਾਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੂੰ ਭਾਰਤ ਦਾ ਅੰਗ ਹੀ ਸਮਝਦੇ ਹਾਂ। ਉਹ ਸਾਡੇ ਹਨ। ਸਾਡੇ ਪਰਿਵਾਰ ਦੇ ਹਿੱਸੇ ਹਨ। ਉਹ ਚਾਹੁਣ, ਜਿਸ ਧਰਮ ਨੂੰ ਮੰਨਣ। ਅਖੰਡ ਭਾਰਤ ਦਾ ਅਰਥ ਇਹ ਨਹੀਂ ਕਿ ਇਹ ਦੇਸ਼ ਭਾਰਤ ਦੇ ਅਧੀਨ ਹੋ ਜਾਣਗੇ। ਇਹ ਸੱਤਾ ਨਹੀਂ, ਪ੍ਰੇਮ ਦਾ ਵਪਾਰ ਹੈ। ਇਹੀ ਸਨਾਤਨ ਧਰਮ ਹੈ, ਜਿਸ ਨੂੰ ਹਿੰਦੂ ਧਰਮ ਵੀ ਕਿਹਾ ਜਾਂਦਾ ਹੈ।

PunjabKesari

ਮੋਹਨ ਜੀ, ਅਸਲ ’ਚ ਉਸ ਧਾਰਨਾ ਦਾ ਵਰਣਨ ਕਰ ਰਹੇ ਹਨ, ਜੋ ਮੈਂ 50-55 ਸਾਲ ਤੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ’ਚ ਜਾ ਕੇ ਆਪਣੇ ਭਾਸ਼ਣਾਂ ਦੌਰਾਨ ਕਰਦਾ ਰਿਹਾ ਹਾਂ। ਉਨ੍ਹਾਂ ਦੀ ਗੱਲ ਦੀ ਡੂੰਘਾਈ ਨੂੰ ਹਿੰਦੂਤਵ ਅਤੇ ਇਸਲਾਮ ਦੇ ਅੱਤਵਾਦੀ ਸਮਝਣ। ਇਹ ਬਹੁਤ ਜ਼ਰੂਰੀ ਹੈ। ਮੈਂ ਕੱਲ੍ਹ ਹੀ ਸ਼੍ਰੀਲੰਕਾ ’ਚ ਦਿੱਤੇ ਗਏ ਇਮਰਾਨ ਦੇ ਭਾਸ਼ਣ ਦਾ ਸਵਾਗਤ ਕੀਤਾ ਸੀ। ਹੁਣ ਕਿੰਨਾ ਚੰਗਾ ਹੋਇਆ ਹੈ ਕਿ ਦੋਵਾਂ ਦੇਸ਼ਾਂ ਦੇ ਵੱਡੇ ਫ਼ੌਜੀ ਅਫ਼ਸਰਾਂ ਨੇ ਕੰਟਰੋਲ ਰੇਖਾ (778 ਕਿ. ਮੀ.) ਅਤੇ ਸਰਹੱਦੀ ਰੇਖਾ (198 ਕਿ. ਮੀ.) ’ਤੇ ਸ਼ਾਂਤੀ ਬਣਾਈ ਰੱਖਣ ਦੀ ਸਹਿਮਤੀ ਜਾਰੀ ਰੱਖੀ ਹੈ। ਪਿਛਲੇ ਕੁਝ ਸਾਲਾਂ ਵਿਚ ਦੋਹਾਂ ਪਾਸਿਆਂ ਤੋਂ ਹਜ਼ਾਰਾਂ ਵਾਰ ਉਨ੍ਹਾਂ ਦੀ ਉਲੰਘਣਾ ਹੋਈ ਹੈ ਅਤੇ ਦਰਜਨਾਂ ਲੋਕ ਮਾਰੇ ਗਏ ਹਨ। ਇਹ ਅਸੰਭਵ ਨਹੀਂ ਕਿ ਦੋਵੇਂ ਦੇਸ਼ ਕਸ਼ਮੀਰ ਅਤੇ ਅੱਤਵਾਦੀ ਹਮਲਿਆਂ ਦੇ ਬਾਰੇ ’ਚ ਜਲਦੀ ਦੀ ਗੱਲ ਸ਼ੁਰੂ ਕਰਦੇ ਹਨ। ਇਸ ਦਾ ਇਕ ਕਾਰਨ ਤਾਂ ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਦਾ ਦਬਾਅ ਵੀ ਹੋ ਸਕਦਾ ਹੈ, ਕਿਉਂਕਿ ਉਹ ਅਫ਼ਗਾਨਿਸਤਾਨ ’ਚ ਸ਼ਾਂਤੀ ਸਥਾਪਤ ਕਰਨ ਲਈ ਪਾਕਿਸਤਾਨ ਦੀ ਮਦਦ ਚਾਹੁੰਦਾ ਹੈ ਅਤੇ ਉਹ ਪਾਕਿਸਤਾਨ ਨੂੰ ਚੀਨ ਦੇ ਚੁੰਗਲ ’ਚੋਂ ਵੀ ਛੁਡਾਉਣਾ ਚਾਹੁੰਦਾ ਹੈ।

ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਇਸ ਮਾਮਲੇ ਵਿਚ ਬੜੀ ਚਲਾਕੀ ਨਾਲ ਕੰਮ ਕਰ ਰਹੇ ਹਨ। ਭਾਰਤ ਵੀ ਚਾਹੇਗਾ ਕਿ ਪਾਕਿਸਤਾਨ ਚੀਨ ਦਾ ਮੋਹਰਾ ਬਣਨ ਤੋਂ ਬਚੇ। ਇਮਰਾਨ ਖਾਨ ਨੂੰ ਪਤਾ ਲੱਗ ਗਿਆ ਹੈ ਕਿ ਸਾਊਦੀ ਅਰਬ ਅਤੇ ਯੂ. ਏ. ਈ. ਵਰਗੇ ਮੁਸਲਿਮ ਦੇਸ਼ਾਂ ਦਾ ਸਹਿਯੋਗ ਵੀ ਹੁਣ ਉਨ੍ਹਾਂ ਨੂੰ ਅੱਖਾਂ ਮੀਚ ਕੇ ਨਹੀਂ ਮਿਲਣਾ ਵਾਲਾ ਹੈ। ਪਾਕਿਸਤਾਨ ’ਤੇ ਕੌਮਾਂਤਰੀ ਵਿੱਤੀ ਸੰਸਥਾਵਾਂ ਦਾ ਦਬਾਅ ਵੀ ਵੱਧ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਨੇ ਵੀ ਅੱਤਵਾਦੀਆਂ ਦਾ ਲੱਕ ਤੋੜਨ ਵਾਲੇ ਬਾਲਾਕੋਟ ਵਰਗੇ ਹਮਲਿਆਂ ਦਾ ਸਮਰਥਨ ਕਰ ਦਿੱਤਾ ਹੈ। ਜੇਕਰ ਇਨ੍ਹਾਂ ਸਾਰੇ ਹਾਲਤਾਂ ਕਾਰਨ ਭਾਰਤ-ਪਾਕਿਸਤਾਨ ਗੱਲਬਾਤ ਸ਼ੁਰੂ ਹੋ ਜਾਵੇ ਤਾਂ ਉਸ ਦਾ ਕੀ ਕਹਿਣਾ ਹੈ?

ਡਾ. ਵੇਦਪ੍ਰਤਾਪ ਵੈਦਿਕ
ਈ-ਮੇਲ: dr.vaidik@gmail.com


Tanu

Content Editor

Related News