ਜਨਮ ਦਿਹਾੜੇ ''ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
Wednesday, Oct 07, 2026 - 08:37 AM (IST)
ਮਹੰਤ ਮਹਾਂਪੁਰਸ਼ਾਂ ਦਾ ਜੀਵਨ ਬੜਾ ਉਤਮ, ਮਹਾਨ ਅਤੇ ਸ੍ਰੇਸ਼ਠ ਹੁੰਦਾ ਹੈ। ਇਨ੍ਹਾਂ ਦੇ ਜੀਵਨ ਉਪਕਾਰ ਨਾਲ ਭਰੇ, ਸਿਖਿਆ ਦਾਇਕ ਅਤੇ ਪ੍ਰੇਰਨਾ ਦਾ ਸ੍ਰੋਤ ਹੁੰਦੇ ਹਨ। ਮਹਾਂ ਪੁਰਖਾਂ ਦੇ ਉਪਕਾਰ ਹਜਾਰਾਂ, ਲੱਖਾਂ ਮੀਲਾਂ ਤਕ ਪਹੁੰਚ ਕੇ ਪ੍ਰੇਰਨਾ ਦਾ ਸੋਮਾ ਬਣ ਜਾਂਦੇ ਹਨ। ਮਹੰਤ ਮਹਾ ਪੁਰਖਾਂ ਦੇ ਨਾਮ ਤੇ ਬਣੇ ਡੇਰੇ ਸੰਗਤਾਂ ਦੇ ਜੀਵਨ ਚ ਪਰਿਵਰਤਨ ਲੈ ਆਉਣ ਦੇ ਸਮਰੱਥ ਹੁੰਦੇ ਹਨ। ਮਹੰਤਾਂ ਨੇ ਹੀ ਗੁਰੂ ਨਾਨਕ ਦੇਵ ਜੀ ਦੇ ਧਰਮ ਧਾਮ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਥੇ ਗੁਰੂ-ਧਾਮ ਸਥਾਪਿਤ ਕੀਤੇ। ਉਨ੍ਹਾਂ ਨੇ ਜੋ ਗੁਰੂ-ਧਾਮ ਸਥਾਪਿਤ ਕੀਤੇ, ਉਨ੍ਹਾਂ ਦੀ ਸੇਵਾ ਵੀ ਉਨ੍ਹਾਂ ਆਪ ਹੀ ਕੀਤੀ। ਉਨ੍ਹਾਂ ਦੇ ਇਸ ਕਰਮਾਚਾਰ ਕਰਕੇ ਗੁਰਦੁਆਰਾ ਸੁਧਾਰ ਲਹਿਰ ਚਲੀ।
ਅੰਮ੍ਰਿਤਸਰ ਦੇ ਲਕਸ਼ਮਣ ਸਰ ਚੌਂਕ ਚ ਸਥਿਤ ਸੰਤ ਬਾਬਾ ਮਿਸ਼ਰਾ ਸਿੰਘ ਡੇਰੇ ਦੀ ਵੀ ਇਹੋ ਮਹਾਨਤਾ ਹੈ। ਇਸ ਪਵਿੱਤਰ ਡੇਰੇ ਨੇ ਸਿੱਖ ਪੰਥ ਦੀ ਸੇਵਾ ਚ, ਵਿਦਿਆ ਪ੍ਰਚਾਰ, ਸਿਮਰਨ, ਕੀਰਤਨ, ਦੁਆਰਾ ਉੱਘਾ ਹਿੱਸਾ ਪਾਇਆ ਹੈ। ਗੁਰੂ ਸਾਹਿਬਾਨਾਂ ਦੇ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ । ਇਥੇ ਪਿਛਲੀ ਡੇਢ ਸਦੀ ਤੋਂ ਲੈ ਕੇ ਹੁਣ ਤਕ ਅਨੇਕਾਂ ਵਿਦਿਆਰਥੀਆਂ ਨੇ ਗੁਰਮਤਿ ਦੀ ਵਿਦਿਆ , ਗੁਰਬਾਣੀ ਦੀ ਸਿਖਿਆ ਗ੍ਰਹਿਣ ਕੀਤੀ ਹੈ। ਅਨੇਕ ਗੁਰਬਾਣੀ ਦੇ ਗਿਆਨੀ ਕਥਾ – ਕਾਰ , ਵਿਆਖਿਆਕਾਰ , ਵਿਖਿਆਨ ਵਾਚਸਪਤੀ ਬਣੇ ਹਨ । ਅਨੇਕਾਂ ਨੇ ਕੀਰਤਨ ਅਤੇ ਰਾਗ ਵਿਦਿਆ ਦੀ ਪ੍ਰਾਪਤੀ ਕੀਤੀ ਹੈ ।
ਇਹ ਸਥਾਨ ਰਾਗ ਵਿਦਿਆ ਦੀ ਪ੍ਰਸਿੱਧ ਟਕਸਾਲ ਹੈ । ਜੋ ਆਪਣੀ ਪ੍ਰੰਪਰਾ ਨੂੰ ਹੁਣ ਵੀ ਨਿਭਾ ਰਿਹਾ ਹੈ । ਇਹ ਡੇਰਾ ਮਹਾਨ ਤਪੱਸਵੀ ਸੰਤ ਬਾਬਾ ਰਾਮ ਸਿੰਘ ਜੀ ਨੇ ਬਣਾਇਆ ਸੀ ਪਰ ਓਨ੍ਹਾਂ ਤੋਂ ਬਾਅਦ ਠਾਕਰ ਦਿਆਲ ਸਿੰਘ ਜੀ, ਮਹੰਤ ਮਿਸ਼ਰਾ ਸਿੰਘ ਜੀ,ਸੰਤ ਬਾਬਾ ਫਤਿਹ ਸਿੰਘ ਜੀ,ਸੰਤ ਬਾਬਾ ਹਾਕਮ ਸਿੰਘ ਜੀ ਵੀ ਇਥੇ ਸੇਵਾ ਅਤੇ ਕੀਰਤਨ ਕਰਦੇ ਰਹੇ ਹਨ ਪਰ ਅੱਜ ਕਲ ਇਸ ਡੇਰੇ ਨੂੰ ਬਾਬਾ ਮਿਸ਼ਰਾ ਸਿੰਘ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ।
ਇਸ ਡੇਰੇ ਚ ਬੜੀ ਤਨਦੇਹੀ ਨਾਲ ਸੇਵਾ ਨਿਭਾਉਣ ਵਾਲੇ ਮਹਾ ਪੁਰਖ ਮਹੰਤ ਮਨਜੀਤ ਸਿੰਘ ਨੂੰ ਸੰਗਤਾਂ ਅੱਜ ਵੀ ਯਾਦ ਕਰਦੀਆਂ ਹਨ। ਮਹੰਤ ਮਨਜੀਤ ਸਿੰਘ ਦਾ ਜਨਮ ਮਾਤਾ ਪ੍ਰੀਤਮ ਕੌਰ ਜੀ ਦੀ ਕੁਖੋਂ ਗਿਆਨੀ ਦਇਆ ਸਿੰਘ ਜੀ ਦੇ ਘਰ ਪਨਿਆਲੀ ਰਿਆਸਤ ਪੁਣਛ ਵਿਚ 7 ਅਕਤੂਬਰ 1945 ਨੂੰ ਹੋਇਆ । ਮਹੰਤ ਮਨਜੀਤ ਸਿੰਘ ਜੀ ਸਹਿਜ ਅਵਸਥਾ ਗੰਭੀਰ ਚਿੱਤ ਸੁਭਾਅ ਦੇ ਮਾਲਕ ਸਨ ।
ਮਹੰਤ ਮਨਜੀਤ ਸਿੰਘ ਜੀ ਦੇ ਮਾਸਟਰ ਦੱਸਦੇ ਹੁੰਦੇ ਸਨ ਕਿ ਉਹ ਜਮਾਤ ਵਿਚ ਪੜ੍ਹਦੇ ਭੀ ਜਮਾਤ ਤੋਂ ਨਿਰਲੇਪ ਰਹਿੰਦੇ ਸਨ , ਉਨ੍ਹਾਂ ਦੇ ਸੁੰਦਰ ਨੇਤਰ ਜਾਂ ਬਲੈਕ ਬੋਰਡ ਉਪਰ ਲਿਖੇ ਸਵਾਲ ਪੜ੍ਹ ਰਹੇ ਹੁੰਦੇ , ਜਾਂ ਆਪਣੀ ਸਾਫ ਅਤੇ ਸੰਭਾਲ ਕੇ ਰੱਖੀ ਹੋਈ ਕਿਤਾਬ ਪੜ੍ਹ ਰਹੇ ਹੁੰਦੇ । ਉਹ ਚੁਪ ਚੁਪੀਤੇ ਆਪਣੀ ਸੀਟ ਉਪਰ ਠੀਕ ਸਮੇਂ ਆ ਕੇ ਬੈਠ ਜਾਂਦੇ ਅਤੇ ਛੁਟੀ ਦੀ ਘੰਟੀ ਵਜਣ ਤੇ ਸਹਿਜ ਨਾਲ ਆਪਣੀ ਸੀਟ ਤੋਂ ਉਠਦੇ ਅਤੇ ਆਪਣੀ ਮਸਤੀ ਭਰੀ ਚਾਲ ਚਲਦੇ ਆਪਣੇ ਘਰ ਪਹੁੰਚ ਜਾਂਦੇ । ਜਿਤਨੇ ਉਹ ਬਾਹਰੋਂ ਸੁੰਦਰ ਸਨ , ਉਨ੍ਹਾਂ ਦਾ ਅੰਦਰਲਾ ਉਸ ਤੋਂ ਕਈ ਗੁਣਾਂ ਸੁੰਦਰ ਸੀ।
ਇਕ ਵਾਰ ਮਹੰਤ ਮਨਜੀਤ ਸਿੰਘ ਜੀ ਨੂੰ ਮਾਸਟਰ ਜੀ ਨੇ ਪੁਛਿਆ , “ ਆਪਣੇ ਕੁਝ ਦੋਸਤਾਂ ਦੇ ਨਾਮ ਦਸੋ । ਮਹੰਤ ਜੀ ਹਸਕੇ ਬੋਲੇ , “ ਮੈਂ ਲੜਕਿਆਂ ਦੇ ਨਾਮ ਦਸ ਸਕਦਾ ਹਾਂ ਪਰ ਦੋਸਤ ਦਾ ਕੋਈ ਨਾਮ ਨਹੀਂ ਦਸ ਸਕਦਾ । ਮਾਸਟਰ ਜੀ ਨੇ ਫਿਰ ਕਿਹਾ , “ ਕਿਸੇ ਵੈਰੀ ਦਾ ਨਾਮ ਦਸੋਂ ॥ ਉਹ ਸੁਣਕੇ ਫਿਰ ਹਸ ਪਏ ਅਤੇ ਬੋਲੇ , “ ਮੈਂ ਸਕੂਲ ਵਿਚ ਪੜ੍ਹਨ ਲਈ ਆਉਂਦਾ ਹਾਂ , ਨਾ ਕਿ ਮਿੱਤਰ ਬਣਾਉਣ ਲਈ ਅਤੇ ਨਾ ਵੈਰੀ ਬਣਾਉਣ ਲਈ ਜਾਂਦਾ ਸੀ ।
ਮਹਾਨ ਲੇਖਕ ਨਰਿੰਦਰ ਸਿੰਘ ਸੋਚ ਨੂੰ ਇਕ ਵਾਰ ਮਹੰਤ ਮਨਜੀਤ ਸਿੰਘ ਜੀ ਦੇ ਮਾਤਾ ਪ੍ਰੀਤਮ ਕੌਰ ਜੀ ਨੇ ਦੱਸਿਆ ਸੀ ਕਿ , ‘ ਉਹ ਸਾਕ ਦੇ ਪੱਖੋਂ ਇਨ੍ਹਾਂ ਦੇ ਸਕੇ ਤਾਇਆ ਮਹੰਤ ਹਾਕਮ ਸਿੰਘ ਜੀ ਦੇ ਕੋਲ ਪਹਿਲਾਂ ਕੇਵਲ ਮੱਥਾ ਟੇਕਣ ਜਾਂਦੇ ਸਨ , ਫਿਰ ਇਹ ਰੋਜ ਜਾਣ ਲੱਗ ਪਏ । ਫਿਰ ਇਨ੍ਹਾਂ ਨੇ ਡੇਰੇ ਵਿਚ ਹੀ ਕਮਰਾ ਲੈ ਲਿਆ ਅਤੇ ਸਾਰੇ ਡੇਰੇ ਦੀ ਸਫਾਈ ਕਰਨੀ ਸ਼ੁਰੂ ਕਰ ਦਿਤੀ । ਡੇਰੇ ਦੀਆਂ ਸਾਰੀਆਂ ਨਾਲੀਆਂ ਭਿ ਪਾਣੀ ਪਾ ਕੇ ਸਾਫ ਕਰਦੇ ਅਤੇ ਕਹਿਦੇ ‘ ਜੇ ਨਾਲੀਆਂ ਗੰਦੀਆਂ ਹਨ ਤਾਂ ਘਰ ਗੰਦਾ ਹੈ । ਸਹਿਜੇ ਸਹਿਜੇ ਮਹੰਤਾਂ ਦੀ ਨਜਰੇ ਚੜ੍ਹ ਗਏ , ਉਨ੍ਹਾਂ ਨੇ ਆਪਣੀ ਸਾਰੀ ਸੇਵਾ ਇਨ੍ਹਾਂ ਨੂੰ ਸੌਂਪ ਦਿੱਤੀ । ਲਿਖਾਈ ਪੜ੍ਹਾਈ ਦਾ ਕੰਮ ਕਰਵਾਉਣ ਲੱਗ ਪਏ । ਕਹਿੰਦੇ ਹਨ , ਜੇਡਾ ਵੱਡਾ ਸਿਰ ਉਤਨੀਆਂ ਵੱਡੀਆਂ ਸਿਰ ਪੀੜਾਂ । ਮਹੰਤ ਹਾਕਮ ਸਿੰਘ ਜੀ ਦੇ ਸਿਰ ਉਪਰ ਡੇਰੇ ਦੀਆਂ , ਨਿਰਮਲ ਮਹਾ ਮੰਡਲ ਦੀਆਂ , ਬਾਹਰ ਅੰਦਰ ਦੇ ਕੰਮਾਂ ਦੀਆਂ ਅਤੇ ਆਏ ਗਏ ਪ੍ਰੇਮੀਆਂ ਦੀਆਂ ਸਮੱਸਿਆਵਾਂ ਦੀਆਂ ਅਨੇਕਾ ਜਿੰਮੇਵਾਰੀਆਂ ਸਨ , ਜਿਹੜੀਆਂ ਉਨਾਂ ਨੂੰ ਆਪਣੀ ਸਿਹਤ ਵੱਲ ਉਕਾ ਹੀ ਧਿਆਨ ਨਹੀਂ ਸੀ ਦੇਣ ਦੇਂਦੀਆਂ । ਉਹ ਦੀਵੇ ਦੀ ਬੱਤੀ ਵਾਂਗ ਆਪ ਜਲਕੇ ਸੰਸਾਰ ਨੂੰ ਚਾਨਣ ਦੇਂਦੇ ਰਹੇ । ਅਖੀਰਲੇ ਬੀਮਾਰੀ ਦੇ ਸਾਲਾਂ ਵਿਚ ਸੰਤ ਮਨਜੀਤ ਸਿੰਘ ਜੀ ਦੀ ਅਣਥੱਕ ਸੇਵਾ ਨੇ ਮਹੰਤ ਜੀ ਦਾ ਅਤੇ ਸੰਤ ਮਹਾਤਮਾਂ ਦਾ ਮਨ ਮੋਹ ਲਿਆ ਪਰ ਆਈ ਨੂੰ ਮੇਟਣ ਲਈ ਕੋਈ ਭੀ ਸਮਰੱਥ ਨਹੀਂ । ਭਾਵੇਂ ਮਹੰਤ ਹਾਕਮ ਸਿੰਘ ਜੀ ਸੋਮਵਾਰ 13 ਅਗਸਤ 1973 ਨੂੰ ਆਪ ਬ੍ਰਹਮ ਵਿਚ ਲੀਨ ਹੋ ਗਏ ਪਰ ਆਪਣੇ ਪਿਛੇ ਆਪਣੀਆਂ ਮਿੱਠੀਆਂ ਯਾਦਾਂ ਛੱਡ ਗਏ।
ਓਨ੍ਹਾਂ ਪਿੱਛੋਂ ਮਹੰਤ ਮਨਜੀਤ ਸਿੰਘ ਨੇ ਇਮਾਨਦਾਰੀ ਨਾਲ ਡੇਰੇ ਦੀ ਸੇਵਾ ਨਿਭਾਈ। ਓਨ੍ਹਾਂ ਤੇ ਇਕ ਵਾਰ ਜਾਨ ਲੇਵਾ ਹਮਲਾ ਵੀ ਹੋਇਆ ਪਰ ਆਕਾਲ ਪੁਰਖ ਨੇ ਆਪ ਰੱਖਿਆ ਕੀਤੀ। ਅਕਾਲ ਪੁਰਖ ਵਲੋਂ ਆਰੰਭੀ ਸੇਵਾ , ਸਿਮਰਨ , ਗੁਰੂ ਕੇ ਨਿਯਮਾਂ ਨੂੰ , ਮਨ ਬਾਣੀ ਕਰਮ ਦਵਾਰਾ ਪੂਰਨ ਕਰਨ ਵਿਚ ਲਗੇ ਰਹੇ ।
ਮਹੰਤ ਮਨਜੀਤ ਸਿੰਘ ਜੀ ਦੀ ਇਕ ਇੱਛਾ ਸੀ ਕਿ ਬ੍ਰਹਮ ਗਿਆਨੀ ਬਾਬਾ ਮਿਸ਼ਰਾ ਸਿੰਘ ਜੀ ਦਾ ਸਥਾਪਨ ਕੀਤਾ ਸਥਾਨ ਡੇਰਾ ਬਾਬਾ ਮਿਸ਼ਰਾ ਸਿੰਘ ਜੀ ਅੱਜ ਦੇ ਸਮੇਂ ਅਨੁਸਾਰ ਦਰਸ਼ਨੀਯ ਬਿਲਡਿੰਗ ਦੇ ਰੂਪ ਵਿਚ ਸੁਭਾਇਮਾਨ ਹੋਵੇ । ਇਸ ਕਾਰਜ ਨੂੰ ਆਪ ਜੀ ਨੇ 1980 ਈ . ਦੇ ਨੇੜੇ ਆਰੰਭ ਕਰ ਦਿਤਾ ਸੀ । ਬਹੁਤ ਸੁੰਦਰ ਇਮਾਰਤ ਬਣਾਉਣ ਦਾ ਸੰਕਲਪ ਸੀ । ਪਰ ਈਸ਼ਵਰੀਯ ਹੁਕਮ ਵਿਚ ਆਪ ਜੀ ਦਾ ਸਵਸਥ ਵਿਗੜ ਗਿਆ ।
ਆਪ ਜੀ ਨੇ ਅੰਮ੍ਰਿਤਸਰ ਦਿੱਲੀ ਆਦਿਕ ਦੇ ਅਨੇਕ ਡਾਕਟਰਾਂ ਤੋਂ ਉਪਚਾਰ ਕਰਵਾਇਆ । ਪਰ ਸਵਸਥ ਠੀਕ ਨਹੀਂ ਹੋਇਆ । ਸ੍ਰੀਮਾਨ ਮਹੰਤ ਭੁਪਿੰਦਰ ਸਿੰਘ ਜੀ ਹਰ ਸਮੇਂ ਛਾਂ ਦੀ ਤਰ੍ਹਾਂ ਨਾਲ ਰਹਿ ਕੇ ਇਲਾਜ- ਸੇਵਾ ਵਿਚ ਤੱਤਪਰ ਰਹੇ । ਸਾਰਾ ਨਿਰਮਲ ਭੇਖ ਚਿੰਤਾਤੁਰ ਹੋਇਆ ਆਪ ਜੀ ਦੇ ਸਵਸਥ ਲਈ ਅਰਦਾਸ ਕਰਦਾ ਰਿਹਾ ਕਿ ਕਿਵੇਂ ਸ੍ਰੀਮਾਨ 108 ਮਹੰਤ ਮਨਜੀਤ ਸਿੰਘ ਜੀ ਸਵਸਥ ਹੋ ਕੇ ਪਹਿਲਾਂ ਦੀ ਤਰਾਂ ਭੇਖ ਵਿਚ ਸੁਭਾਇ ਮਾਨ ਹੋਣ । ਪਰ ਵਾਹਿਗੁਰੂ ਨੇ ਆਪ ਜੀ ਦੇ ਸਵਾਸਾਂ ਦੀ ਰਾਸੀ ਕੇਵਲ 48 ਸਾਲ ਬਖਸ਼ੀ ਸੀ । ਸ੍ਰੀਮਾਨ ਮਹੰਤ ਮਨਜੀਤ ਸਿੰਘ ਜੀ 27 ਮਈ 1993 ਈ . ਨੂੰ ਆਕਾਲ ਪੁਰਖ ਦੇ ਚਰਨਾਂ ਵਿੱਚ ਬ੍ਰਹਮ ਲੀਨ ਹੋ ਗਏ ।
ਇਸ ਡੇਰੇ ਚ ਮਹੰਤ ਮਨਜੀਤ ਸਿੰਘ ਜੀ ਦੀ ਯਾਦ ਚ ਓਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਭੰਡਾਰਾ 7 ਅਕਤੂਬਰ ਨੂੰ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ। ਲੜੀਵਾਰ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੁੰਦਾ ਹੈ। ਇਸ ਸਮੇਂ ਨਿਰਮਲ ਭੇਖ ਦੀ ਮਰਯਾਦਾ ਅਨੁਸਾਰ ਸੀ ਮਾਨ ਮਹੰਤ ਭੁਪਿੰਦਰ ਸਿੰਘ ਜੀ ਆਪ ਜੀ ਦੇ ਉਤਰਾਧਿਕਾਰੀ ਇਸ ਮਹਾਨ ਡੇਰੇ ਦੀ ਸੇਵਾ ਨਿਭਾ ਰਹੇ ਹਨ।
ਅਵਤਾਰ ਸਿੰਘ ਆਨੰਦ
9877092505
