ਹਰਿਆਣਾ ''ਚ NIA ਦੀ ਟੀਮ ਵਲੋਂ ਸੇਵਾਮੁਕਤ ਅਧਿਆਪਕ ਦੇ ਘਰ ਛਾਪੇਮਾਰੀ, ਦੋ ਘੰਟੇ ਕੀਤੀ ਪੁੱਛਗਿੱਛ

08/01/2023 5:27:10 PM

ਹਰਿਆਣਾ (ਰੱਤੀ)- ਹਰਿਆਣਾ 'ਚ ਅੱਜ ਸਵੇਰੇ ਕਰੀਬ 6 ਵਜੇ NIA ਦੀ ਟੀਮ ਨੇ ਸੇਵਾਮੁਕਤ ਅਧਿਆਪਕ ਨਰਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਕਰੀਬ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਟੀਮ ਉਥੋਂ ਰਵਾਨਾ ਹੋ ਗਈ। ਟੀਮ ਨੇ ਸੇਵਾਮੁਕਤ ਅਧਿਆਪਕ ਅਤੇ ਉਸ ਦੇ 30 ਸਾਲਾ ਪੁੱਤਰ ਸਰਵਜੋਤ ਸਿੰਘ ਸਾਬੀ ਤੋਂ ਪੁੱਛਗਿੱਛ ਕੀਤੀ ਕਿਉਂਕਿ ਉਹ ਵਿਸਾਖੀ ਮੌਕੇ ਪਾਕਿਸਤਾਨ ਗਏ ਹੋਏ ਸਨ। ਟੀਮ ਦੇ ਜਾਣ ਤੋਂ ਬਾਅਦ ਸੇਵਾਮੁਕਤ ਅਧਿਆਪਕ ਨਰਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਯਾਤਰਾ ਨਾਲ ਸਬੰਧਤ NIA ਟੀਮ ਨੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ। 

ਅਧਿਆਪਕ ਨੇ ਦੱਸਿਆ ਕਿ NIA ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ 3 ਅਗਸਤ ਨੂੰ ਦਿੱਲੀ ਬੁਲਾਇਆ ਹੈ। ਦੂਜੇ ਪਾਸੇ ਜਦੋਂ ਇਸ ਛਾਪੇਮਾਰੀ ਸਬੰਧੀ ਥਾਣਾ ਸਦਰ ਹਰਿਆਣਾ ਦੇ ਇੰਚਾਰਜ ਗੁਰਪ੍ਰੀਤ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 6 ਵਜੇ NIA ਦੀ ਟੀਮ ਜਿਸ 'ਚ ਅਧਿਕਾਰੀ ਇਕ ਗੱਡੀ 'ਚ ਸਵਾਰ ਸਨ ਅਤੇ ਦੂਜੀ ਵੱਡੀ ਬੱਸ 'ਚ ਕਮਾਂਡੋ ਅਤੇ ਪੁਲਸ ਦੇ ਜਵਾਨ ਸਵਾਰ ਸਨ।

ਹੈਰਾਨੀ ਦੀ ਗੱਲ ਹੈ ਕਿ ਟੀਮ ਇੰਨੀ ਫੋਰਸ ਲੈ ਕੇ ਹਰਿਆਣਾ ਪਹੁੰਚੀ ਅਤੇ ਪੁਲਸ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ। ਜਦੋਂ ਟੀਮ ਅਧਿਆਪਕਾ ਦੇ ਘਰ ਪਹੁੰਚੀ ਤਾਂ ਉਸ ਦਾ ਲੜਕਾ ਘਰ ਨਹੀਂ ਸੀ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਗਿਆ ਹੋਇਆ ਸੀ। ਇਸ ਤੋਂ ਬਾਅਦ ਟੀਮ ਨਰਿੰਦਰ ਸਿੰਘ ਨੂੰ ਕਾਰ 'ਚ ਬਿਠਾ ਕੇ ਸਰਵਜੋਤ ਨੂੰ ਲੈਣ ਗਈ ਅਤੇ ਉਸ ਨੂੰ ਘਰ ਲਿਆ ਕੇ ਪੁੱਛਗਿੱਛ ਕੀਤੀ।


Tanu

Content Editor

Related News