ਅਮਲਾਪੁਰਮ ’ਚ ਭੀੜ ਨੇ ਟਰਾਂਸਪੋਰਟ ਮੰਤਰੀ ਅਤੇ ਵਿਧਾਇਕ ਦਾ ਘਰ ਫੂਕਿਆ
Wednesday, May 25, 2022 - 09:55 AM (IST)
ਅਮਰਾਵਤੀ– ਆਂਧਰਾ ਪ੍ਰਦੇਸ਼ ਦੇ ਕੋਨਾਸੀਮਾ ਜ਼ਿਲ੍ਹੇ ਦਾ ਨਾਂ ਬਦਲਣ ਦੇ ਵਿਰੋਧ ’ਚ ਮੰਗਲਵਾਰ ਨੂੰ ਹਿੰਸਾ ਭੜਕ ਪਈ। ਭੜਕੀ ਭੀੜ ਨੇ ਪੁਲਸ ’ਤੇ ਪਥਰਾਅ ਕੀਤਾ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਅਮਲਾਪੁਰਮ ਸ਼ਹਿਰ ’ਚ ਭੜਕੀ ਭੀੜ ਨੇ ਟਰਾਂਸਪੋਰਟ ਮੰਤਰੀ ਪੀ. ਵਿਸ਼ਵਰੂਪਾ ਅਤੇ ਵਿਧਾਇਕ ਪੀ. ਸਤੀਸ਼ ਦੇ ਘਰ ’ਚ ਅੱਗ ਲਗਾ ਦਿੱਤੀ।
ਪਥਰਾਅ ’ਚ 20 ਪੁਲਸ ਮੁਲਾਜ਼ਮ ਜ਼ਖਮੀ
ਹਾਲਾਂਕਿ ਪੁਲਸ ਨੇ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾ ਦਿੱਤਾ ਹੈ। ਪੁਲਸ ਦੇ ਇਕ ਵਾਹਨ ਅਤੇ ਇਕ ਬੱਸ ’ਚ ਵੀ ਅੱਗ ਲਗਾ ਦਿੱਤੀ ਗਈ ਹੈ। ਲਗਭਗ 20 ਪੁਲਸ ਮੁਲਾਜ਼ਮ ਪਥਰਾਅ ’ਚ ਜ਼ਖਮੀ ਹੋਏ ਹਨ। ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਕੋਨਾਸੀਮਾ ਦਾ ਨਾਂ ਬਦਲ ਕੇ ਬੀ. ਆਰ. ਅੰਬੇਡਕਰ ਦੇ ਨਾਂ ’ਤੇ ਰੱਖ ਦਿੱਤਾ ਗਿਆ ਹੈ, ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ। ਮੰਗਲਵਾਰ ਨੂੰ ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰ ਦਿੱਤਾ, ਜਿਸ ਤੋਂ ਬਾਅਦ ਹਿੰਸਾ ਭੜਕ ਪਈ।
ਜ਼ਿਲ੍ਹੇ ’ਚ ਭੜਕੀ ਹਿੰਸਾ ਦੇ ਮਾਮਲੇ ’ਚ ਸੂਬੇ ਦੀ ਗ੍ਰਹਿ ਮੰਤਰੀ ਤਾਨੇਤੀ ਵਨਿਤਾ ਨੇ ਸਿਆਸੀ ਪਾਰਟੀਆਂ ’ਤੇ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਅਤੇ ਗੈਰ-ਸਮਾਜਿਕ ਅਨਸਰਾਂ ਨੇ ਮਿਲ ਕੇ ਹਿੰਸਾ ਭੜਕਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੋਇਆ, ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।