IMD ਦੀ ਚਿਤਾਵਨੀ; ਸਤੰਬਰ ਮਹੀਨੇ ''ਚ ਪਵੇਗਾ ਮੋਹਲੇਧਾਰ ਮੀਂਹ

Sunday, Sep 01, 2024 - 12:05 PM (IST)

ਨਵੀਂ ਦਿੱਲੀ- ਮਾਨਸੂਨ ਦੇ ਆਖ਼ਰੀ ਮਹੀਨੇ ਯਾਨੀ ਕਿ ਸਤੰਬਰ 'ਚ ਦੇਸ਼ ਭਰ ਵਿਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦਾ ਅਨੁਮਾਨ ਹੈ। ਜ਼ਿਆਦਾ ਮੀਂਹ ਦੇ ਬਾਵਜੂਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਦਿਨ ਦੇ ਸਮੇਂ ਆਮ ਨਾਲੋਂ ਵੱਧ ਗਰਮੀ ਰਹੇਗੀ। ਭਾਰਤੀ ਮੌਸਮ ਵਿਭਾਗ (IMD) ਨੇ ਚਿਤਾਵਨੀ ਦਿੱਤੀ ਹੈ ਕਿ ਮਾਨਸੂਨ ਦੇ ਆਖ਼ਰੀ ਮਹੀਨੇ ਸਤੰਬਰ 'ਚ ਦੇਸ਼ ਭਰ ਵਿਚ ਆਮ ਨਾਲੋਂ ਵੱਧ ਮੀਂਹ ਤਾਂ ਪਵੇਗਾ ਪਰ ਆਮ ਨਾਲੋਂ ਕਿਤੇ ਵੱਧ ਗਰਮੀ ਵੀ ਪਵੇਗੀ। 

ਅਗਸਤ ਮਹੀਨੇ ਪਿਆ 16 ਫ਼ੀਸਦੀ ਵਧੇਰੇ ਮੀਂਹ

ਮੌਸਮ ਵਿਭਾਗ ਨੇ ਦੱਸਿਆ ਕਿ ਭਾਰਤ 'ਚ ਅਗਸਤ ਮਹੀਨੇ ਆਮ ਨਾਲੋਂ 16 ਫ਼ੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਆਮ ਤੌਰ 'ਤੇ ਅਗਸਤ ਮਹੀਨੇ ਮਾਨਸੂਨ ਬਰੇਕ ਲੈਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਉਥੇ ਹੀ ਉੱਤਰੀ-ਪੱਛਮੀ ਭਾਰਤ ਵਿਚ 253.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ 2001 ਮਗਰੋਂ ਅਗਸਤ ਮਹੀਨੇ ਵਿਚ ਸਭ ਤੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ।

ਸਤੰਬਰ ਮਹੀਨੇ ਵੀ ਪਵੇਗਾ ਵਧੇਰੇ ਮੀਂਹ

ਸਤੰਬਰ ਮਹੀਨੇ ਵਿਚ ਵੀ ਆਮ ਨਾਲੋਂ 109 ਫ਼ੀਸਦੀ ਮੀਂਹ ਪੈਣ ਦੀ ਉਮੀਦ ਹੈ। ਆਮ ਤੌਰ 'ਤੇ ਸਤੰਬਰ ਵਿਚ 167.9 ਮਿਲੀਮੀਟਰ ਮੀਂਹ ਪੈਂਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤਜੂ ਮਹਾਪਾਤਰ ਮੁਤਾਬਕ ਵੱਧ ਮੀਂਹ ਪੈਣ ਦੇ ਬਾਵਜੂਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦਿਨ ਦੇ ਸਮੇਂ ਆਮ ਨਾਲੋਂ ਵੱਧ ਗਰਮੀ ਰਹੇਗੀ। ਉੱਤਰੀ-ਪੱਛਮੀ ਭਾਰਤ ਦੇ ਕੁਝ ਹਿੱਸੇ, ਦੱਖਣੀ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਗਰਮ ਰਹੇਗਾ।

ਦੇਸ਼ ਦੇ ਕੁਝ ਹਿੱਸਿਆਂ 'ਚ ਰਾਤ ਦੇ ਸਮੇਂ ਵੀ ਪਵੇਗੀ ਗਰਮੀ

ਇਸ ਤੋਂ ਇਲਾਵਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਰਾਤ ਦੇ ਸਮੇਂ ਵੀ ਵੱਧ ਗਰਮੀ ਰਹੇਗੀ। ਸਤੰਬਰ ਦੇ ਪਹਿਲੇ ਹਫ਼ਤੇ ਵਿਚ ਮੱਧ ਭਾਰਤ, ਉੱਤਰੀ ਅਤੇ ਪੱਛਮੀ ਤੱਟ ਵਿਚ ਆਮ ਨਾਲੋਂ ਵੱਧ ਮੀਂਹ ਪਵੇਗਾ। ਉੱਥੇ ਹੀ ਦੂਜੇ ਹਫਤੇ ਵਿਚ ਪੱਛਮੀ ਤੱਟ 'ਚ ਵੱਧ ਮੀਂਹ ਪਵੇਗਾ। ਪਹਿਲੇ ਹਫ਼ਤੇ ਵਿਚ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿਚ ਵੱਧ ਮੀਂਹ ਪੈਣ ਦੇ ਆਸਾਰ ਹਨ।


Tanu

Content Editor

Related News