ਕੋਲਕਾਤਾ ’ਚ ਧਮਾਕਾ, ਕੂੜਾ ਚੁੱਕਣ ਵਾਲਾ ਜ਼ਖਮੀ, ਇਕ ਹੱਥ ਦੀਆਂ ਉਂਗਲਾਂ ਹੋਈਆਂ ਵੱਖ

Saturday, Sep 14, 2024 - 08:12 PM (IST)

ਕੋਲਕਾਤਾ,(ਅਨਸ)- ਕੋਲਕਾਤਾ ’ਚ ਸ਼ਨੀਵਾਰ ਦੁਪਹਿਰ 1:45 ਵਜੇ ਬਲੋਚਮੈਨ ਸਟਰੀਟ ਤੇ ਐੱਸ. ਐੱਨ. ਬੈਨਰਜੀ ਰੋਡ ਦਰਮਿਆਨ ਧਮਾਕਾ ਹੋਇਆ। ਧਮਾਕੇ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੀ ਪਛਾਣ 54 ਸਾਲਾ ਬੀਪਾ ਦਾਸ ਵਜੋਂ ਹੋਈ ਹੈ। ਉਹ ਉੱਥੋਂ ਕੂੜਾ ਚੁੱਕ ਰਿਹਾ ਸੀ।

ਮਿਲੀਆਂ ਖਬਰਾਂ ਅਨੁਸਾਰ ਜਿਵੇਂ ਹੀ ਉਸ ਨੇ ਕੂੜੇ ’ਚੋਂ ਇਕ ਬੋਰੀ ਚੁੱਕੀ ਤਾਂ ਉਸ ’ਚ ਧਮਾਕਾ ਹੋ ਗਿਆ। ਧਮਾਕੇ ਕਾਰਨ ਉਸ ਦਾ ਇਕ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਕਈ ਉਂਗਲਾਂ ਹੱਥ ਤੋਂ ਵੱਖ ਹੋ ਗਈਆਂ। ਬੰਬ ਡਿਟੈਕਸ਼ਨ ਤੇ ਡਿਸਪੋਜ਼ਲ ਸਕੁਐਡ ਮੌਕੇ ’ਤੇ ਪਹੁੰਚ ਗਿਆ। ਟੀਮ ਨੇ ਉੱਥੇ ਪਈ ਇਕ ਬੋਰੀ ਦੀ ਜਾਂਚ ਕੀਤੀ।

ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ : ਚਸ਼ਮਦੀਦ

ਮੌਕੇ ’ਤੇ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਅਸੀਂ ਨੇੜੇ ਖੜ੍ਹੇ ਸੀ। ਅਸੀਂ ਤੁਰੰਤ ਮੌਕੇ ’ਤੇ ਪਹੁੰਚੇ ਤੇ ਵੇਖਿਆ ਕਿ ਇਕ ਕੂੜਾ ਚੁੱਕਣ ਵਾਲਾ ਜ਼ਮੀਨ ’ਤੇ ਡਿੱਗਾ ਹੋਇਆ ਹੈ। ਉਸ ਦੇ ਸੱਜੇ ਗੁੱਟ ’ਤੇ ਸੱਟ ਲੱਗੀ ਸੀ। ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ। ਉਹ ਕਾਫੀ ਦੂਰ ਤਕ ਸੁਣੀ ਗਈ

ਮਮਤਾ ਬੈਨਰਜੀ ਅਸਤੀਫਾ ਦੇਵੇ : ਮਜੂਮਦਾਰ

ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਕਿਹਾ ਹੈ ਕਿ ਧਮਾਕਾ ਬਹੁਤ ਚਿੰਤਾ ਦਾ ਵਿਸ਼ਾ ਹੈ। ਐੱਨ. ਅਾਈ. ਏ. ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਘਟਨਾ ਦੀ ਜਾਂਚ ਕਰਨ ਲਈ ਪੁਲਸ ਕੋਲ ਅਜਿਹੀ ਮੁਹਾਰਤ ਹੈ।

ਉਨ੍ਹਾਂ ਕਿਹਾ ਕਿ ਇਹ ਮਮਤਾ ਬੈਨਰਜੀ ਦੀ ਨਾਕਾਮੀ ਨੂੰ ਵੀ ਦਰਸਾਉਂਦਾ ਹੈ। ਸੂਬੇ ’ਚ ਅਮਨ-ਕਾਨੂੰਨ ਦੀ ਜੋ ਹਾਲਤ ਹੈ , ਨੂੰ ਵੇਖਦਿਆਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਲਈ ਹੀ ਭਾਜਪਾ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਸੁਕਾਂਤ ਨੇ ਗ੍ਰਹਿ ਮੰਤਰਾਲਾ ਨੂੰ ਚਿੱਠੀ ਲਿਖ ਕੇ ਐੱਨ. ਆਈ. ਏ. ਜਾਂਚ ਦੀ ਮੰਗ ਕੀਤੀ ਹੈ।


Rakesh

Content Editor

Related News