ਅੰਮ੍ਰਿਤਸਰ, ਜਲੰਧਰ, ਜੰਮੂ ਅਤੇ ਕਟੜਾ ਲਈ HRTC ਦੇ ਦਿਨ ਦੇ ਰੂਟ ਕੀਤੇ ਬਹਾਲ
Monday, May 12, 2025 - 06:07 PM (IST)

ਸ਼ਿਮਲਾ- ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਹਿਮਾਚਲ ਤੋਂ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਜੰਮੂ ਅਤੇ ਕਟੜਾ ਲਈ ਬੰਦ ਕੀਤੇ ਗਏ ਦਿਨ ਦੇ ਰੂਟ ਨਿਗਮ ਪ੍ਰਬੰਧਨ ਨੇ HRTC ਬੱਸ ਸੇਵਾ ਨੂੰ ਸੋਮਵਾਰ ਤੋਂ ਬਹਾਲ ਕਰ ਦਿੱਤੇ ਹਨ। ਅਜਿਹੇ ਵਿਚ ਯਾਤਰੀ ਹੁਣ ਦਿਨ ਦੇ ਸਮੇਂ ਅੰਮ੍ਰਿਤਸਰ, ਜਲੰਧਰ, ਜੰਮੂ ਅਤੇ ਕਟੜਾ ਲਈ ਨਿਗਮ ਦੀਆਂ ਬੱਸਾਂ ਵਿਚ ਸਫ਼ਰ ਕਰ ਸਕਣਗੇ। ਦੱਸ ਦੇਈਏ ਕਿ ਪੰਜਾਬ ਸਮੇਤ ਜੰਮੂ ਦੇ ਬਾਰਡਰ 'ਤੇ ਗੋਲੀਬਾਰੀ ਅਤੇ ਤਣਾਅ ਕਾਰਨ ਨਿਗਮ ਨੇ ਦਿਨ ਸਮੇਤ ਰਾਤ ਦੇ ਕਰੀਬ 38 ਰੂਟ ਬੰਦ ਕਰ ਦਿੱਤੇ ਸਨ ਪਰ ਜੰਗਬੰਦੀ ਦੇ ਐਲਾਨ ਮਗਰੋਂ ਸੋਮਵਾਰ ਨੂੰ ਨਿਗਮ ਪ੍ਰਬੰਧਨ ਨੇ ਦਿਨ ਦੇ 29 ਰੂਟਾਂ ਨੂੰ ਬਹਾਲ ਕਰ ਦਿੱਤਾ ਹੈ ਪਰ ਫ਼ਿਲਹਾਲ ਰਾਤ ਦੀ ਬੱਸ ਸੇਵਾ ਬਹਾਲ ਨਹੀਂ ਕੀਤੀ ਹੈ।
ਦੱਸ ਦੇਈਏ ਕਿ ਰਾਤ ਨੂੰ ਨਿਗਮ ਕਰੀਬ 9 ਰੂਟਾਂ 'ਤੇ ਬੱਸਾਂ ਚਲਾਉਂਦਾ ਹੈ। ਪਿਛਲੇ 4 ਦਿਨਾਂ ਤੋਂ ਬੱਸ ਸੇਵਾਵਾਂ ਬੰਦ ਹੋਣ ਨਾਲ ਹਿਮਾਚਲ ਤੋਂ ਅੰਮ੍ਰਿਤਸਰ, ਜਲੰਧਰ, ਜੰਮੂ ਅਤੇ ਕਟੜਾ ਆਦਿ ਦੇ ਖੇਤਰਾਂ ਵਿਚ ਜਾਣ ਲਈ ਲੋਕ ਚੰਡੀਗੜ੍ਹ ਅਤੇ ਹੋਰ ਥਾਵਾਂ ਤੋਂ ਬੱਸਾਂ ਲੈ ਰਹੇ ਸਨ, ਉੱਥੇ ਹੀ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਰਨ ਰਾਤ ਨੂੰ ਆਵਾਜਾਈ ਬਿਲਕੁਲ ਹੀ ਘੱਟ ਹੋ ਗਈ ਸੀ। ਦਿਨ ਸਮੇਂ ਬੱਸ ਸੇਵਾਵਾਂ ਬਹਾਲ ਕਰਨ ਮਗਰੋਂ ਨਿਗਮ ਪ੍ਰਬੰਧਨ ਨੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸੁਚੇਤ ਰਹਿ ਕੇ ਬੱਸ ਸੇਵਾਵਾਂ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।