ਗੁਜਰਾਤ ''ਚ ਭਿਆਨਕ ਸੜਕ ਹਾਦਸਾ: SUV ਨਾਲ ਟਕਰਾਇਆ ਟਰੱਕ, ਮਹਿਲਾ ਸਮੇਤ 6 ਲੋਕਾਂ ਦੀ ਮੌਤ
Saturday, Jan 24, 2026 - 09:23 PM (IST)
ਨੈਸ਼ਨਲ ਡੈਸਕ : ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਟਰੱਕ ਅਤੇ SUV ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਆਬੂ-ਪਾਲਨਪੁਰ ਹਾਈਵੇਅ 'ਤੇ ਇਕਬਾਲਗੜ੍ਹ ਪਿੰਡ ਦੇ ਨੇੜੇ ਸ਼ਾਮ ਕਰੀਬ 7 ਵਜੇ ਵਾਪਰਿਆ।
ਪੁਲਸ ਅਨੁਸਾਰ, ਰਾਜਸਥਾਨ ਤੋਂ 9 ਲੋਕ ਇੱਕ SUV ਵਿੱਚ ਸਵਾਰ ਹੋ ਕੇ ਇੱਕ ਮਰੀਜ਼ ਦੇ ਇਲਾਜ ਲਈ ਪਾਲਨਪੁਰ ਜਾ ਰਹੇ ਸਨ। ਹਾਈਵੇਅ 'ਤੇ ਗੁਜਰਾਤ ਤੋਂ ਰਾਜਸਥਾਨ ਵੱਲ ਜਾ ਰਿਹਾ ਇੱਕ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਰੋਡ ਡਿਵਾਈਡਰ ਟੱਪ ਕੇ ਦੂਜੇ ਪਾਸਿਓਂ ਆ ਰਹੀ SUV ਨਾਲ ਸਿੱਧਾ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ SUV ਦੇ ਪਰਖੱਚੇ ਉੱਡ ਗਏ।
ਇਸ ਹਾਦਸੇ ਵਿੱਚ ਇੱਕ ਮਹਿਲਾ ਸਮੇਤ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਹੋਰ ਮਹਿਲਾ ਅਤੇ ਦੋ ਪੁਰਸ਼ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਮੀਰਗੜ੍ਹ ਥਾਣੇ ਦੇ ਇੰਸਪੈਕਟਰ ਪੀ.ਡੀ. ਗੋਹਿਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
