ਪੰਜਾਬ ’ਚ ਤਖ਼ਤਾਪਲਟ ਤੋਂ ਬਾਅਦ ਹਰਿਆਣਾ ਕਾਂਗਰਸ ’ਚ ਹਲਚਲ, ਹੁੱਡਾ ਨੇ ਬੁਲਾਈ ਵਿਧਾਇਕ ਦਲ ਦੀ ਬੈਠਕ
Tuesday, Sep 21, 2021 - 05:16 PM (IST)
ਸੋਨੀਪਤ– ਪੰਜਾਬ ਦੀ ਸਿਆਸਤ ’ਚ ਆਏ ਭੂਚਾਲ ਦਰਮਿਆਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁੰਡਾ ਨੇ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਹੈ। ਇਹ ਬੈਠਕ ਭੁਪੇਂਦਰ ਹੁੱਡਾ ਦੇ ਘਰ ਬੁੱਧਵਾਰ ਨੂੰ 3 ਵਜੇ ਹੋਵੇਗੀ ਜਿਸ ਵਿਚ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਸਮੇਤ ਕਈ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੀ ਬੈਠਕ ’ਚ ਪੰਜਾਬ ਦੀ ਸਿਆਸਤ ’ਤੇ ਵੀ ਚਰਚਾ ਹੋਵੇਗੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਨਾਲ ਹਰਿਆਣਾ ਕਾਂਗਰਸ ’ਚ ਵੀ ਖਿੱਚੋਤਾਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਦਿੱਲੀ ’ਚ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਸਮਰਥਕ ਵਿਧਾਇਕਾਂ ਨੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿਚ ਮਜ਼ਬੂਤ ਅਗਵਾਈ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਇਹ ਖਬਰ ਵੀ ਸਾਹਮਣੇ ਆਈ ਸੀ ਕਿ ਹੁੱਡਾ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕ ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸੈਲਜਾ ਨੂੰ ਹਟਾਉਣਾ ਚਾਹੁੰਦੇ ਹਨ।