ਜੰਮੂ-ਕਸ਼ਮੀਰ ਪੁਲਸ ਦੀ ਵੱਡੀ ਸਫਲਤਾ, ਹਿਜ਼ਬੁਲ ਮਜਾਹਿਦੀਨ ਦੇ 5 ਅੱਤਵਾਦੀ ਗ੍ਰਿਫਤਾਰ
Wednesday, Aug 12, 2020 - 03:41 PM (IST)
ਕੁਪਵਾੜਾ– ਜੰਮੂ-ਕਸ਼ਮੀਰ ਪੁਲਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਕੁਪਵਾੜਾ ਜ਼ਿਲ੍ਹੇ ਤੋਂ ਹਿਜ਼ਬੁਲ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਨੇ ਹਿਜ਼ਬੁਲ ਦੇ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਪਰਵੇਜ਼ ਅਹਿਮਦ ਭੱਟ (22), ਅਲਤਾਫ਼ ਅਹਿਮਦ ਮਿਰ (35, ਮੁਹੰਮਦ (35), ਨਜ਼ੀਮੁਦੀਨ ਗੁੱਜਰ (44) ਅਤੇ ਅਬਦੁੱਲ ਕਯੂਮ (29) ਦੇ ਰੂਪ ’ਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਪਵਾੜਾ ਦੇ ਲਾਲਪੋਰਾ ’ਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ।
ਫੌਜ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਪੁਲਸ ਨੇ ਇਨਪੁਟ ਦੇ ਅਧਾਰ ’ਤੇ ਸੋਮਵਾਰ ਦੇਰ ਸ਼ਾਮ ਨੂੰ ਇਕ ਸਾਂਝੇ ਆਪਰੇਸ਼ਨ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਛਿਲ ਸੈਕਟਰ ’ਚ ਫੌਜ 56 ਆਰ.ਆਰ. ਨੇ ਹਾਲ ਹੀ ’ਚ ਘੁਸਪੈਠ ਦੀ ਨਾਕਾਮ ਕੋਸ਼ਿਸ਼ ਦੇ ਮੱਦੇਨਜ਼ਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਪੁਲਸ ਨੇ ਜੰਮੂ ’ਚ ਲਕਸ਼ਰ-ਏ-ਤੌਇਬਾ (ਐੱਲ.ਈ.ਟੀ.) ਦੇ ਅੱਤਵਾਦੀ ਫਾਈਨਾਂਸਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ ਅਤੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ।