ਬਰਫ਼ਬਾਰੀ ਪਿੱਛੋਂ ਸਫੇਦ ਚਾਦਰ ਨਾਲ ਢਕੇ ਪਹਾੜ, ਮੈਦਾਨਾਂ ''ਚ ਮੀਂਹ ਨਾਲ ਵਧੀ ਕੰਬਣੀ

Tuesday, Jan 31, 2023 - 10:56 AM (IST)

ਸ਼੍ਰੀਨਗਰ/ਸ਼ਿਮਲਾ/ਦੇਹਰਾਦੂਨ (ਅਰੀਜ, ਰਾਜੇਸ਼, ਭਾਸ਼ਾ)- ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਖੂਬ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਸਮੇਤ ਮੈਦਾਨੀ ਸੂਬਿਆਂ ਵਿਚ ਮੀਂਹ ਦੇ ਨਾਲ ਕੜਾਕੇ ਦੀ ਠੰਡ ਨਾਲ ਕੰਬਣੀ ਵਧ ਗਈ ਹੈ। ਸ਼੍ਰੀਨਗਰ ਸਮੇਤ ਕਸ਼ਮੀਰ ਵਾਦੀ ਸੋਮਵਾਰ ਨੂੰ ਬਰਫ ਦੀ ਚਾਦਰ ਨਾਲ ਢੱਕ ਗਈ। ਮੌਸਮ ਵਿਭਾਗ ਨੇ ਅਗਲੇ 12 ਘੰਟਿਆਂ 'ਚ ਹੋਰ ਜ਼ਿਆਦਾ ਬਰਫਬਾਰੀ ਦੀ ਭਵਿੱਖਵਾਣੀ ਕੀਤੀ ਹੈ। ਕਸ਼ਮੀਰ 'ਚ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ, ਸ਼੍ਰੀਨਗਰ, ਪਹਿਲਗਾਮ ਜਦਕਿ ਜੰਮੂ ਦੇ ਬਨਿਹਾਲ ਤੇ ਬਟੋਤ ਵਿਚ ਬਰਫਬਾਰੀ ਦੇ ਨਾਲ ਮੀਂਹ ਪਿਆ। 

PunjabKesari

21 ਦਸੰਬਰ ਤੋਂ ਸ਼ੁਰੂ ਹੋਈ 40 ਦਿਨਾਂ ਦੀ ਕੜਾਕੇ ਦੀ ਠੰਡ ਦੀ ਮਿਆਦ ਚਿੱਲਈ ਕਲਾਂ ਖਤਮ ਹੋਣ ਵਾਲੀ ਹੈ ਜਦਕਿ ਹੁਣ ਚਿੱਲਈ ਖੁਰਦ ਨਾਮਕ 20 ਦਿਨਾਂ ਦੀ ਲੰਬੀ ਠੰਡ ਦੀ ਮਿਆਦ ਸ਼ੁਰੂ ਹੋ ਰਹੀ ਹੈ। ਊਧਮਪੁਰ ਦੇ ਪ੍ਰਸਿੱਧ ਸੈਲਾਨੀ ਸਥਾਨ ਪਤਨੀਟਾਪ, ਨੱਥਾਟਾਪ, ਸਨਾਸਰ, ਬਸੰਤਗੜ੍ਹ, ਮਾਨਤਲਾਈ, ਪੰਚੈਰੀ ਆਦਿ ਖੇਤਰਾਂ ਵਿਚ ਬਰਫਬਾਰੀ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਆ ਗਈ। ਪੁੰਛ ਜ਼ਿਲੇ ਦੀ ਸੂਰਨਕੋਟ ਅਤੇ ਮੰਡੀ ਤਹਿਸੀਲ ਦੇ ਤਮਾਮ ਖੇਤਰਾਂ ਵਿਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਵਧੇਰੇ ਲੋਕ ਘਰਾਂ 'ਚ ਹੀ ਰਹੇ। 

PunjabKesari

ਮੀਂਹ-ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਰਾਮਬਨ-ਬਨਿਹਾਲ ਦਰਮਿਆਨ ਢਿਗਾਂ ਡਿੱਗਣ ਕਾਰਨ ਬੰਦ ਹੋ ਗਿਆ, ਜਿਸ ਨਾਲ ਗੱਡੀਆਂ ਦੀਆਂ ਲੰਬਾਈਆਂ ਲਾਈਨਾਂ ਲੱਗ ਗਈਆ। ਹਿਮਾਚਲ ਦੇ ਲਾਹੌਲ-ਸਪੀਤੀ ਵਿਚ ਐਤਵਾਰ ਰਾਤ ਤੋਂ ਭਾਰੀ ਬਰਫਬਾਰੀ ਕਾਰਨ ਲਾਹੌਲ ਦਾ ਮਨਾਲੀ ਨਾਲ ਜਦਕਿ ਸਪੀਤੀ ਵਾਦੀ ਦਾ ਕਿੰਨੌਰ ਨਾਲ ਸੰਪਰਕ ਕੱਟ ਗਿਆ। ਹਿਮਾਚਲ ਵਿਚ ਬਰਫਬਾਰੀ ਨਾਲ 904 ਬਿਜਲੀ ਦੇ ਟ੍ਰਾਂਸਫਾਰਮਰ ਬੰਦ ਹੋ ਗਏ। ਹਜ਼ਾਰਾਂ ਪਿੰਡਾਂ ਵਿਚ ਬਿਜਲੀ ਨਹੀਂ ਹੈ।

PunjabKesari

ਉਤਰਾਖੰਡ ਵਿਚ ਗੜਵਾਲ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ 'ਚ ਮੀਂਹ ਪੈਣ ਨਾਲ ਸੂਬੇ ਵਿਚ ਠੰਡ ਦਾ ਕਹਿਰ ਵੱਧ ਗਿਆ। ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਓਲੀ ਅਤੇ ਹੋਰ ਉੱਚਾਈ ਵਾਲੇ ਸਥਾਨ ਬਰਫ਼ਬਾਰੀ ਤੋਂ ਬਾਅਦ ਬਰਫ਼ ਦੀ ਮੋਟੀ ਸਫੇਦ ਚਾਦਰ ਵਿਚ ਲਿਪਟ ਗਏ ਜਦਕਿ ਹੇਠਲੇ ਇਲਾਕਿਆਂ ਵਿਚ ਮੀਂਹ ਪੈਣ ਨਾਲ ਕੰਬਣੀ ਹੋਰ ਵੱਧ ਗਈ। ਭਾਰਤ-ਤਿੱਬਤ-ਚੀਨ ਸਰਹੱਦ ’ਤੇ ਚਮੋਲੀ ਦੇ ਪਿੰਡ ਮਲਾਰੀ ਵਿਚ ਬਰਫ ਦੇ ਤੋਦੇ ਡਿੱਗੇ। ਜ਼ਮੀਨ ਧੱਸਣ ਨਾਲ ਜੋਸ਼ੀਮੱਠ ਵਿਚ ਵੀ ਮੀਂਹ ਪੈ ਰਿਹਾ ਹੈ ਜਿਥੇ 250 ਪ੍ਰਭਾਵਿਤ ਪਰਿਵਾਰਾਂ ਨੇ ਆਪਣੇ ਘਰ ਛੱਡ ਕੇ ਅਸਥਾਈ ਰਾਹਤ ਕੈਂਪਾਂ ਵਿਚ ਸ਼ਰਨ ਲਈ ਹੈ।
 


Tanu

Content Editor

Related News