ਬਰਫ ਨਾਲ ਢੱਕ ਗਿਆ ਸ਼ਿਮਲਾ, ਸੈਲਾਨੀਆਂ ਦੇ ਖਿੜੇ ਚਿਹਰੇ
Monday, Dec 23, 2024 - 04:16 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸੋਮਵਾਰ ਨੂੰ ਇਕ ਵਾਰ ਫਿਰ ਬਰਫ ਨਾਲ ਢੱਕ ਗਿਆ। ਬਰਫ਼ਬਾਰੀ ਦੀ ਖਬਰ ਨਾਲ ਜਿੱਥੇ ਸੈਲਾਨੀ ਕਾਫੀ ਉਤਸ਼ਾਹਿਤ ਹਨ, ਉੱਥੇ ਹੀ ਸੈਰ-ਸਪਾਟਾ ਉਦਯੋਗ ਨਾਲ ਜੁੜੇ ਸਥਾਨਕ ਲੋਕਾਂ ਅਤੇ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਖੁਸ਼ੀ ਦੀ ਇਕ ਵੱਖਰੀ ਹੀ ਚਮਕ ਦੇਖੀ ਜਾ ਸਕਦੀ ਹੈ। ਕ੍ਰਿਸਮਿਸ ਤੋਂ ਪਹਿਲਾਂ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਨੂੰ ਇੱਥੇ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ ਅਤੇ ਕਿਸਾਨਾਂ ਨੂੰ ਸੇਬ ਦੀ ਚੰਗੀ ਫਸਲ ਹੋਣ ਦੀ ਉਮੀਦ ਹੈ। ਠੰਡੀਆਂ ਹਵਾਵਾਂ ਦੇ ਵਿਚਕਾਰ ਲੋਕ ਬਰਫ਼ਬਾਰੀ ਦਾ ਆਨੰਦ ਲੈਣ ਲਈ ਘਰਾਂ ਤੋਂ ਬਾਹਰ ਨਿਕਲ ਆਏ। ਸ਼ਹਿਰ ਦੇ ਰਿਜ ਅਤੇ ਮਾਲ ਰੋਡ 'ਤੇ ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਂਦੇ ਦੇਖੇ ਗਏ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਨੇੜਲੇ ਸੈਰ-ਸਪਾਟਾ ਸਥਾਨਾਂ ਕੁਫਰੀ ਅਤੇ ਨਾਰਕੰਡਾ ਤੋਂ ਇਲਾਵਾ ਖੜਾਪੱਥਰ, ਚੂਰਧਾਰ ਅਤੇ ਚਾਂਸ਼ਲ ਵਰਗੇ ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਈ। ਸਥਾਨਕ ਮੌਸਮ ਵਿਭਾਗ ਨੇ ਸੋਮਵਾਰ, ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੱਧ ਅਤੇ ਉੱਚ ਖੇਤਰਾਂ 'ਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਸੀ।
ਸ਼ਿਮਲਾ ਦੇ ਉੱਚਾਈ ਵਾਲੇ ਖੇਤਰ 'ਚ ਬਰਫ਼ਬਾਰੀ ਕਾਰਨ ਕਿਸਾਨਾਂ ਨੂੰ ਸੇਬਾਂ ਦੀ ਚੰਗੀ ਪੈਦਾਵਾਰ ਦੀ ਉਮੀਦ ਹੈ। ਬਰਫ਼ਬਾਰੀ ਨੂੰ ਸੇਬ ਦੇ ਉਤਪਾਦਨ ਲਈ 'ਸਫੈਦ ਖਾਦ' ਮੰਨਿਆ ਜਾਂਦਾ ਹੈ। ਸੇਬ ਦੀ ਖੇਤੀ ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ 'ਚ ਲਗਭਗ 5,000 ਕਰੋੜ ਰੁਪਏ ਦਾ ਯੋਗਦਾਨ ਦਿੰਦੀ ਹੈ। ਬਰਫ਼ਬਾਰੀ ਨਾਲ ਸੂਬੇ 'ਚ ਸੈਲਾਨੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਸਥਾਨਕ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਸਥਾਨਕ ਹੋਟਲ ਕਾਰੋਬਾਰੀ ਸੁਸ਼ਾਂਤ ਨਾਗ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਸੈਲਾਨੀਆਂ ਦੀ ਗਿਣਤੀ ਵਧਣ ਕਾਰਨ ਹੋਟਲ ਬੁਕਿੰਗ ਵੀ ਵਧਣ ਦੀ ਸੰਭਾਵਨਾ ਹੈ। ਸ਼ਿਮਲਾ ਦੇ ਇਕ ਹੋਰ ਹੋਟਲ ਮਾਲਕ ਰਾਹੁਲ ਚਾਵਲਾ ਨੇ ਕਿਹਾ ਕਿ ਕ੍ਰਿਸਮਿਸ ਤੋਂ ਪਹਿਲਾਂ ਬਰਫ਼ਬਾਰੀ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਬਰਫਬਾਰੀ ਹੋਣ ਦੀ ਭਵਿੱਖਬਾਣੀ ਨਾਲ ਸੈਲਾਨੀਆਂ ਦੀ ਆਮਦ 'ਚ 50 ਫੀਸਦੀ ਵਾਧਾ ਹੋ ਸਕਦਾ ਹੈ। ਸ਼ਿਮਲਾ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਮਕੇ ਸੇਠ ਨੇ ਪਹਿਲਾਂ ਕਿਹਾ ਸੀ ਕਿ ਕ੍ਰਿਸਮਿਸ ਲਈ ਬਹੁਤ ਬੁਕਿੰਗ ਹੋ ਚੁੱਕੀ ਹੈ ਅਤੇ ਨਵੇਂ ਸਾਲ ਲਈ 30 ਫੀਸਦੀ ਤੋਂ ਵੱਧ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ 'ਚ ਕੜਾਕੇ ਦੀ ਠੰਡ ਜਾਰੀ ਹੈ। ਊਨਾ, ਹਮੀਰਪੁਰ, ਚੰਬਾ ਅਤੇ ਮੰਡੀ 'ਚ ਸੀਤ ਲਹਿਰ ਦੇ ਹਾਲਾਤ ਹਨ, ਜਦਕਿ ਸੁੰਦਰਨਗਰ 'ਚ ਕੜਾਕੇ ਦੀ ਠੰਡ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਮੰਡੀ ਅਤੇ ਸੁੰਦਰਨਗਰ ਖੇਤਰਾਂ 'ਚ ਹਲਕੀ ਧੁੰਦ ਛਾਈ ਰਹੀ। ਵਿਭਾਗ ਨੇ ਸੋਮਵਾਰ ਨੂੰ ਬਿਲਾਸਪੁਰ, ਊਨਾ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ 'ਚ ਵੀਰਵਾਰ ਤੱਕ ਕੜਾਕੇ ਦੀ ਠੰਡ ਦਾ 'ਓਰੇਂਜ' ਅਲਰਟ ਜਾਰੀ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8