ਧਰਮਸ਼ਾਲਾ ਵਿਦਿਆਰਥਣ ਮੌਤ ਮਾਮਲਾ: CM ਸੁੱਖੂ ਨੇ ਪੀੜਤ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ; ਦੋਸ਼ੀ ਪ੍ਰੋਫੈਸਰ ਮੁਅੱਤ
Sunday, Jan 04, 2026 - 05:32 PM (IST)
ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਰਕਾਰੀ ਕਾਲਜ ਦੀ ਉਸ 19 ਸਾਲਾ ਦਲਿਤ ਵਿਦਿਆਰਥਣ ਦੇ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ, ਜਿਸ ਦੀ ਜਿਨਸੀ ਸ਼ੋਸ਼ਣ ਅਤੇ ਰੈਗਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਇਲਾਜ ਦੌਰਾਨ 26 ਦਸੰਬਰ ਨੂੰ ਮੌਤ ਹੋ ਗਈ ਸੀ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਅਜਿਹੇ ਅਨਿਆਂ ਵਿਰੁੱਧ ਸਖ਼ਤ ਰੁਖ਼ ਰੱਖਦੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਮਿਲੇ।
ਪ੍ਰੋਫੈਸਰ 'ਤੇ ਅਸ਼ਲੀਲ ਹਰਕਤਾਂ ਅਤੇ ਮਾਨਸਿਕ ਤਸੀਹੇ ਦੇਣ ਦੇ ਇਲਜ਼ਾਮ
ਇਸ ਮਾਮਲੇ 'ਚ ਕਾਰਵਾਈ ਕਰਦਿਆਂ ਸਰਕਾਰ ਨੇ ਧਰਮਸ਼ਾਲਾ ਦੇ ਸਰਕਾਰੀ ਕਾਲਜ ਦੇ ਭੂਗੋਲ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ 18 ਸਤੰਬਰ 2025 ਨੂੰ ਤਿੰਨ ਸੀਨੀਅਰ ਵਿਦਿਆਰਥਣਾਂ ਨੇ ਉਸ ਦੀ ਧੀ ਦੀ ਕੁੱਟਮਾਰ ਕੀਤੀ ਸੀ ਅਤੇ ਪ੍ਰੋਫੈਸਰ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਵਿਦਿਆਰਥਣ ਨੇ ਪ੍ਰੋਫੈਸਰ 'ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਅਤੇ ਵਿਰੋਧ ਕਰਨ 'ਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਸਨ। ਇਨ੍ਹਾਂ ਘਟਨਾਵਾਂ ਕਾਰਨ ਵਿਦਿਆਰਥਣ ਡੂੰਘੇ ਮਾਨਸਿਕ ਤਣਾਅ 'ਚ ਚਲੀ ਗਈ ਸੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
ਕਾਨੂੰਨੀ ਕਾਰਵਾਈ ਅਤੇ ਕਮਿਸ਼ਨਾਂ ਦਾ ਸਖ਼ਤ ਰੁਖ਼
ਪੁਲਸ ਨੇ ਪ੍ਰੋਫੈਸਰ ਅਤੇ ਤਿੰਨ ਵਿਦਿਆਰਥਣਾਂ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਅਤੇ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾ (ਰੈਗਿੰਗ ਰੋਕੂ) ਐਕਟ 2009 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਕਾਰਵਾਈਆਂ ਵੀ ਤੇਜ਼ ਹੋ ਗਈਆਂ ਹਨ:
UGC ਦਾ ਕਦਮ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਰੈਗਿੰਗ ਵਿਰੋਧੀ ਹੈਲਪਲਾਈਨ ਰਾਹੀਂ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਮਹਿਲਾ ਕਮਿਸ਼ਨ ਦੀ ਸਖ਼ਤੀ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਹਿਮਾਚਲ ਪੁਲਿਸ ਤੋਂ ਪੰਜ ਦਿਨਾਂ ਦੇ ਅੰਦਰ ਕਾਰਵਾਈ ਦੀ ਰਿਪੋਰਟ ਮੰਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

