ਹਿਮਾਚਲ ''ਚ ਕੋਰੋਨਾ ਦਾ ਕਹਿਰ ਜਾਰੀ, ਪੀੜਤ ਜਨਾਨੀ ਦੀ ਮੌਤ
Sunday, Aug 30, 2020 - 07:06 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਪ੍ਰਦੇਸ਼ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ, ਜਦਕਿ ਪ੍ਰਦੇਸ਼ 'ਚ 105 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਕੋਰੋਨਾ ਨਾਲ ਹਮੀਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ 63 ਸਾਲਾ ਜਨਾਨੀ ਦੀ ਮੌਤ ਹੋ ਗਈ, ਜੋ ਕਿ ਟਾਂਡਾ ਹਸਪਤਾਲ ਵਿਚ ਦਾਖ਼ਲ ਸੀ ਅਤੇ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਉੱਥੇ ਹੀ ਪ੍ਰਦੇਸ਼ 'ਚ 105 ਨਵੇਂ ਪਾਜ਼ੇਟਿਵ ਕੇਸਾਂ 'ਚੋਂ ਸਭ ਤੋਂ ਵਧੇਰੇ ਕਾਂਗੜਾ 'ਚ 41, ਹਮੀਰਪੁਰ ਵਿਚ 29, ਸਿਰਮੌਰ 'ਚ 20, ਚੰਬਾ 'ਚ 11, ਸ਼ਿਮਲਾ 'ਚ 3, ਕੁੱਲੂ 'ਚ 1 ਮਾਮਲਾ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ 5,781 ਮਰੀਜ਼ ਹਨ। ਇਨ੍ਹਾਂ 'ਚੋਂ 4,308 ਮਰੀਜ਼ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਹੁਣ ਤੱਕ 34 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕੋਰੋਨਾ ਮਰੀਜ਼ਾਂ ਦਾ ਅੰਕੜਾ 35 ਲੱਖ ਦੇ ਪਾਰ ਹੋ ਚੁੱਕਾ ਹੈ।